ਪੰਜਾਬ

punjab

ETV Bharat / city

ਕਿਸਾਨੀ ਮੁੱਦੇ 'ਤੇ ਆਪ ਦਾ ਦੋਗਲਾ ਚਿਹਰਾ ਬੇਨਕਾਬ ਹੋਇਆ: ਕੈਪਟਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਘਰਸ਼ਸ਼ੀਲ ਕਿਸਾਨਾਂ ਦੇ ਹੱਕ ਵਿੱਚ ਮਤਾ ਪਾਸ ਕਰਨ ਤੋਂ ਕੁੱਝ ਮਿੰਟ ਪਹਿਲਾਂ ਸਰਬ ਪਾਰਟੀ ਮੀਟਿੰਗ ਵਿੱਚੋਂ ਵਾਕ-ਆਊਟ ਕਰ ਜਾਣ 'ਤੇ ਆਮ ਆਦਮੀ ਪਾਰਟੀ ਦੀ ਸਖ਼ਤ ਨਿਖੇਧੀ ਕੀਤੀ ਹੈ।

ਕਿਸਾਨ ਮੁੱਦੇ 'ਤੇ ਆਪ ਦਾ ਦੋਗਲਾ ਚਿਹਰਾ ਬੇਨਕਾਬ ਹੋਇਆ: ਕੈਪਟਨ
ਕਿਸਾਨ ਮੁੱਦੇ 'ਤੇ ਆਪ ਦਾ ਦੋਗਲਾ ਚਿਹਰਾ ਬੇਨਕਾਬ ਹੋਇਆ: ਕੈਪਟਨ

By

Published : Feb 2, 2021, 8:47 PM IST

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਘਰਸ਼ਸ਼ੀਲ ਕਿਸਾਨਾਂ ਦੇ ਹੱਕ ਵਿੱਚ ਮਤਾ ਪਾਸ ਕਰਨ ਤੋਂ ਕੁੱਝ ਮਿੰਟ ਪਹਿਲਾਂ ਸਰਬ ਪਾਰਟੀ ਮੀਟਿੰਗ ਵਿੱਚੋਂ ਵਾਕ-ਆਊਟ ਕਰ ਜਾਣ 'ਤੇ ਆਮ ਆਦਮੀ ਪਾਰਟੀ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਅਰਵਿੰਦ ਕੇਜਰੀਵਾਲ ਦੀ ਪਾਰਟੀ ਦਾ ਦੋਗਲਾ ਚਿਹਰਾ ਇੱਕ ਵਾਰ ਫੇਰ ਬੇਪਰਦ ਹੋ ਗਿਆ ਜੋ ਕਿਸਾਨਾਂ ਦੇ ਮਾਮਲਿਆਂ 'ਤੇ ਆਪਣੇ ਸੌੜੇ ਸਿਆਸੀ ਮੁਫ਼ਾਦ ਪਾਲ ਰਹੀ ਹੈ। ਦਿੱਲੀ ਦੀਆਂ ਸਰਹੱਦਾਂ 'ਤੇ ਸੂਬੇ ਦੇ ਅੰਦੋਲਨਕਾਰੀ ਕਿਸਾਨਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਲਈ ਪੰਜਾਬ ਪੁਲੀਸ ਦੇ ਮੁਲਾਜ਼ਮ ਤਾਇਨਾਤ ਕਰਨ ਵਾਸਤੇ ਆਪ ਦੀ 'ਬੇਹੂਦਾ ਅਤੇ ਜ਼ਾਹਰਾ ਤੌਰ 'ਤੇ ਗੈਰ-ਕਾਨੂੰਨੀ' ਮੰਗ ਨੂੰ ਮੁੱਖ ਮੰਤਰੀ ਵੱਲੋਂ ਮੰਨਣ ਤੋਂ ਇਨਕਾਰ ਕਰ ਦੇਣ ਤੋਂ ਬਾਅਦ ਆਪ ਮੈਂਬਰ ਮੀਟਿੰਗ ਵਿੱਚੋਂ ਵਾਕਆਊਟ ਕਰ ਗਏ। ਮੁੱਖ ਮੰਤਰੀ ਨੇ ਕਿਹਾ,''ਸਪੱਸ਼ਟ ਤੌਰ 'ਤੇ ਮੀਟਿੰਗ ਦੀ ਸ਼ੂਰਆਤ ਤੋਂ ਹੀ ਆਪ ਮੈਂਬਰਾਂ ਵੱਲੋਂ ਸੂਬਾ ਅਤੇ ਇੱਥੋਂ ਦੇ ਕਿਸਾਨਾਂ ਦਾ ਸਮਰਥਨ ਕਰਨ ਦੀ ਕੋਈ ਨੀਅਤ ਨਹੀਂ ਸੀ।

ਇਸ ਦਾ ਪਤਾ ਇਸ ਮਤੇ ਉਤੇ ਇਕਮਤ ਹੋਣ ਦੀ ਸਹਿਮਤੀ ਪ੍ਰਗਟਾਉਣ ਤੋਂ ਕੁੱਝ ਮਿੰਟ ਪਹਿਲਾਂ ਹੀ ਵਾਕ-ਆਊਟ ਕੀਤੇ ਜਾਣ ਤੋਂ ਲਗਦਾ ਹੈ। ਆਪ ਦੀਆਂ ਇਨ੍ਹਾਂ ਕਾਰਵਾਈਆਂ ਨੂੰ ਗਿਣੀ-ਮਿੱਥੀ ਯੋਜਨਾ ਦਾ ਹਿੱਸਾ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ,''ਇਹ ਕਿਵੇਂ ਸੰਭਵ ਹੋ ਸਕਦਾ ਕਿ ਕੌਮੀ ਧਿਰ ਹੋਣ ਦਾ ਢਕਵੰਜ ਕਰਨ ਵਾਲੀ ਪਾਰਟੀ ਨੂੰ ਇਹ ਨਾ ਪਤਾ ਹੋਵੇ। ਉਨ੍ਹਾਂ ਕਿਹਾ ਕਿ ਕੋਈ ਵੀ ਸੂਬਾ ਪੁਲਿਸ, ਕਿਸੇ ਹੋਰ ਸੂਬੇ ਵਿੱਚ ਸਧਾਰਨ ਢੰਗ ਨਾਲ ਨਹੀਂ ਵੜ ਸਕਦੀ।'' ਉਨ੍ਹਾਂ ਕਿਹਾ,''ਕਿਸਾਨ-ਪੱਖੀ ਹੋਣ ਦਾ ਦਾਅਵਾ ਕਰਨ ਵਾਲੀ ਪਾਰਟੀ ਪੂਰੀ ਤਰ੍ਹਾਂ ਗੈਰ-ਕਾਨੂੰਨੀ ਮੰਗ ਨੂੰ ਲੈ ਕੇ ਕਿਸਾਨਾਂ ਨਾਲ ਸਬੰਧਤ ਮਸਲੇ ਉਤੇ ਆਮ ਸਹਿਮਤੀ ਬਣਾਉਣ ਲਈ ਸੱਦੀ ਗਈ ਅਹਿਮ ਮੀਟਿੰਗ ਦਾ ਵਾਕ-ਆਊਟ ਕਿਵੇਂ ਕਰ ਸਕਦੀ ਹੈ?

ਮੁੱਖ ਮੰਤਰੀ ਨੇ ਇਹ ਵੀ ਕਿਹਾ, ''ਆਪ ਵੱਲੋਂ ਵਾਕ-ਆਊੁਟ ਕਰਨਾ ਇਹ ਸਾਬਤ ਕਰਦਾ ਹੈ ਕਿ ਇਹ ਪਾਰਟੀ ਸੱਤਾਧਾਰੀ ਭਾਜਪਾ ਵੱਲੋਂ ਕਿਸਾਨਾਂ, ਜੋ ਕਿ ਕੇਜਰੀਵਾਲ ਦੀ ਪਾਰਟੀ ਦੀ ਹਕੂਮਤ ਵਾਲੀ ਕੌਮੀ ਰਾਜਧਾਨੀ ਦੀਆਂ ਸਰਹੱਦਾਂ 'ਤੇ ਕੁੱਟੇ ਗਏ, ਤੰਗ-ਪ੍ਰੇਸ਼ਾਨ ਕੀਤੇ, ਲਤਾੜੇ ਅਤੇ ਦੇਸ਼ ਦੇ ਦੁਸ਼ਮਣ ਸਮਝੇ ਜਾ ਰਹੇ ਹਨ, ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਦੀ ਸਾਜ਼ਿਸ਼ ਦਾ ਹਿੱਸਾ ਹਨ। ''ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਆਪ ਨੇ ਪੰਜਾਬ ਵਿੱਚ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਦੋਹਰੇ ਮਾਪਦੰਡ ਅਪਣਾਏ ਹੋਣ।

ਉਨ੍ਹਾਂ ਇਹ ਵੀ ਕਿਹਾ, ''ਵਿਧਾਨ ਸਭਾ ਵਿੱਚ ਸੂਬਾਈ ਸੋਧ ਬਿੱਲਾਂ ਦਾ ਸਮਰਥਨ ਕਰਨ ਤੋਂ ਬਾਅਦ ਉਹ ਪਹਿਲਾਂ ਵੀ ਮੁੱਕਰ ਚੁੱਕੇ ਹਨ। ''ਉਨ੍ਹਾਂ ਅੱਗੇ ਦੱਸਿਆ ਕਿ ਇਸ ਵਾਰ ਵੀ ਆਪ ਦੇ ਆਗੂਆਂ ਨੇ ਸਦਨ ਵਿੱਚ ਜੋ ਗੱਲ ਕਹੀ, ਬਾਹਰ ਜਾ ਕੇ ਉਸ ਤੋਂ ਪਲਟ ਗਏ। ਮੁੱਖ ਮੰਤਰੀ ਨੇ ਆਪ ਦੀ ਲੀਡਰਸ਼ਿਪ ਨੂੰ ਸਵਾਲ ਕੀਤਾ, ''ਕੀ ਤੁਹਾਨੂੰ ਕੋਈ ਸ਼ਰਮ ਹੈ?'' ਉਨ੍ਹਾਂ ਇਹ ਵੀ ਕਿਹਾ ਕਿ ਅੱਜ ਦੇ ਰਵੱਈਏ ਨੇ ਪੰਜਾਬ ਵਿੱਚ ਹਮੇਸ਼ਾ ਲਈ ਆਪ ਦੀ ਕਿਸਮਤ ਦਾ ਦਰਵਾਜ਼ਾ ਬੰਦ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਅੱਗੇ ਦੱਸਿਆ, ''ਜੇਕਰ ਪੰਜਾਬ ਦੇ ਲੋਕ ਤੁਹਾਨੂੰ ਤੁਹਾਡੀਆਂ ਹੀ ਸ਼ਰਮਨਾਕ ਹਰਕਤਾਂ ਵਾਂਗ ਜਵਾਬ ਦੇਣ 'ਤੇ ਆ ਗਏ ਤਾਂ ਤੁਹਾਨੂੰ ਮੂੰਹ ਲੁਕਾਉਣ ਲਈ ਵੀ ਕਿਤੇ ਥਾਂ ਨਹੀਂ ਲੱਭੇਗੀ।''

ABOUT THE AUTHOR

...view details