ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਦੇ ਚੋਣ ਇੰਚਾਰਜ ਜਰਨੈਲ ਸਿੰਘ ਤੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਚੰਡੀਗੜ੍ਹ ਸੈਕਟਰ ਉਣਤਾਲ਼ੀ ਸਥਿਤ ਪ੍ਰੈੱਸਵਾਰਤਾ ਕਰ ਆਉਣ ਵਾਲੀ ਐਮ ਸੀ ਚੋਣਾਂ ਝਾੜੂ ਦੇ ਨਿਸ਼ਾਨ 'ਤੇ ਲੜਨ ਦਾ ਐਲਾਨ ਕੀਤਾ ਤਾਂ ਉਥੇ ਹੀ ਕਾਂਗਰਸੀ ਵਿਧਾਇਕ ਕਾਕਾ ਰਣਦੀਪ ਸਿੰਘ ਨਾਭਾ ਦੇ ਭਰਾ ਜਸਦੀਪ ਸਿੰਘ ਨਿੱਕੂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਵਾਇਆ।
'ਆਪ' ਝਾੜੂ ਦੇ ਚੋਣ ਨਿਸ਼ਾਨ 'ਤੇ ਲੜੇਗੀ ਐਮ.ਸੀ. ਚੋਣਾਂ: ਭਗਵੰਤ ਮਾਨ - ਜਸਦੀਪ ਸਿੰਘ ਨਿੱਕੂ
'ਆਪ' ਪੰਜਾਬ ਦੇ ਚੋਣ ਇੰਚਾਰਜ ਜਰਨੈਲ ਸਿੰਘ ਤੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਆਉਣ ਵਾਲੀ ਐਮ ਸੀ ਚੋਣਾਂ ਝਾੜੂ ਦੇ ਨਿਸ਼ਾਨ 'ਤੇ ਲੜਨ ਦਾ ਐਲਾਨ ਕੀਤਾ ਹੈ।
!['ਆਪ' ਝਾੜੂ ਦੇ ਚੋਣ ਨਿਸ਼ਾਨ 'ਤੇ ਲੜੇਗੀ ਐਮ.ਸੀ. ਚੋਣਾਂ: ਭਗਵੰਤ ਮਾਨ ਤਸਵੀਰ](https://etvbharatimages.akamaized.net/etvbharat/prod-images/768-512-10045603-470-10045603-1609236813282.jpg)
ਪ੍ਰੈੱਸਵਾਰਤਾ ਤੋਂ ਬਾਅਦ ਭਗਵੰਤ ਮਾਨ ਵੱਲੋਂ ਵਰਕਰਾਂ ਨਾਲ ਇੱਕ ਬੈਠਕ ਕਰ ਜ਼ਮੀਨੀ ਹਕੀਕਤ ਦਾ ਜਾਇਜ਼ਾ ਲਿਆ ਤਾਂ ਜਾਣਕਾਰੀ ਦਿੰਦਿਆਂ ਈ ਟੀ ਵੀ 'ਤੇ ਕਿਹਾ ਕਿ ਸ਼ਹਿਰਾਂ ਵਿੱਚ ਲੋਕਾਂ ਨੂੰ ਸਾਫ਼ ਪਾਣੀ ਤੇ ਗੰਦਗੀ ਦੇ ਢੇਰ ਦੀਆਂ ਪ੍ਰੇਸ਼ਾਨੀਆਂ ਆਉਂਦੀਆਂ ਹਨ, ਕਿਉਂਕਿ ਭ੍ਰਿਸ਼ਟਾਚਾਰ ਕਰਨ ਵਾਲੇ ਮਿਉਂਸਿਪਲ ਕਮੇਟੀਆਂ ਤੇ ਕਾਰਪੋਰੇਸ਼ਨਾਂ ਵਿੱਚ ਬੈਠੇ ਨੇ ਪਰ ਆਮ ਆਦਮੀ ਪਾਰਟੀ ਵੱਲੋਂ ਪੜ੍ਹੇ ਲਿਖੇ ਲੋਕ ਕਾਰਪੋਰੇਸ਼ਨਾਂ ਅਤੇ ਮਿਉਂਸਿਪਲ ਕਮੇਟੀਆਂ ਲਈ ਮੈਦਾਨ 'ਚ ਉਤਾਰੇ ਜਾਣਗੇ।
ਭਗਵੰਤ ਮਾਨ ਨੇ ਇਹ ਵੀ ਦੱਸਿਆ ਕਿ ਵਰਕਰਾਂ ਨਾਲ ਬੈਠਕ ਕਰਨ ਦਾ ਮਕਸਦ ਉਨ੍ਹਾਂ ਦੇ ਮੁਹੱਲਿਆਂ ਵਿੱਚ ਪੜ੍ਹੇ ਲਿਖੇ ਲੋਕਾਂ ਦੀ ਸੂਚੀ ਮੰਗਵਾਉਣਾ ਸੀ ਤਾਂ ਜੋ ਚੰਗੇ ਉਮੀਦਵਾਰਾਂ ਨੂੰ ਹੀ ਮੈਦਾਨ ਵਿੱਚ ਉਤਾਰਿਆ ਜਾ ਸਕੇ ਤੇ ਸ਼ਹਿਰ ਦੀ ਸਮੱਸਿਆ ਸ਼ਹਿਰ ਵਿੱਚ ਹੀ ਹੱਲ ਹੋ ਸਕੇ ਨਾ ਕਿ ਸ਼ਹਿਰ ਦੀ ਸਮੱਸਿਆਵਾਂ ਲਈ ਲੋਕਾਂ ਨੂੰ ਵਿਧਾਇਕਾਂ ਤੇ ਸਾਂਸਦਾਂ ਕੋਲ ਚੰਡੀਗੜ੍ਹ ਆਉਣਾ ਪਵੇ।
ਕਾਂਗਰਸੀ ਵਿਧਾਇਕ ਰਣਦੀਪ ਸਿੰਘ ਨਾਭਾ ਦੇ ਭਰਾ ਜਸਦੀਪ ਸਿੰਘ ਨਿੱਕੂ ਦੇ ਆਮ ਆਦਮੀ ਪਾਰਟੀ ਚ ਸ਼ਾਮਲ ਹੋਣ 'ਤੇ ਭਗਵੰਤ ਮਾਨ ਨੇ ਕਾਂਗਰਸ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਾਂਗਰਸ ਦੀ ਨੀਤੀਆਂ ਤੋਂ ਤੰਗ ਪ੍ਰੇਸ਼ਾਨ ਹੋ ਕੇ ਜਾਗਦੀ ਜ਼ਮੀਰ ਵਾਲੇ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ ਤੇ ਤਿੰਨ ਵਾਰੀ ਸਰਕਾਰ ਬਣਾ ਚੁੱਕੇ ਅਰਵਿੰਦ ਕੇਜਰੀਵਾਲ ਸਰਕਾਰ ਦੇ ਦਿੱਲੀ ਵਿੱਚ ਕੀਤੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਲੋਕ ਆਮ ਆਦਮੀ ਪਾਰਟੀ ਚ ਸ਼ਾਮਲ ਹੋਣਗੇ।