ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਉਨ੍ਹਾਂ ਦੀ ਇੱਕ ਮਹੀਨੇ ਦੀ ਕਾਰਗੁਜਾਰੀ ‘ਤੇ ਵਿਅੰਗ ਕਸਿਆ ਹੈ। ਕਰਜ਼ਾ ਮਾਫੀ ‘ਤੇ ਸੀਐਮ ਚੰਨੀ ਨੂੰ ਘੇਰਾ ਪਾਇਆ ਗਿਆ ਹੈ। ਪਾਰਟੀ ਦੇ ਆਗੂ ਰਾਘਵ ਚੱਡਾ (Raghav Chadha) ਨੇ ਇਥੇ ਇੱਕ ਪ੍ਰੈਸ ਕਾਨਫਰੰਸ ਕਰਕੇ ਚੰਨੀ ਨੂੰ ਡਰਾਮੇਬਾਜ ਮੁੱਖ ਮੰਤਰੀ ਤੱਕ ਕਹਿ ਦਿੱਤਾ ਹੈ।
ਉਨ੍ਹਾਂ ਨਾਲ ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ (Amarjit Singh Sandoa) ਅਤੇ ਪਾਰਟੀ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ (Harchand Singh Barsat) ਤੇ ਹੋਰ ਆਗੂ ਵੀ ਮੌਜੂਦ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਗੁਲਾਬੀ ਸੁੰਡੀ ਦੀ ਮਾਰ ਹੇਠ ਆਏ ਬਠਿੰਡਾ ਖੇਤਰ ਦਾ ਦੌਰਾ ਕੀਤਾ ਤੇ ਇਥੇ ਇੱਕ ਕਿਸਾਨ ਨਾਲ ਮੁਲਾਕਾਤ ਕਰਕੇ ਕਿਸਾਨਾਂ ਨੂੰ ਖਰਾਬ ਹੋਈ ਫਸਲ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਤੇ ਨਾਲ ਹੀ ਉਸ ਕਿਸਾਨ ਨਾਲ ਫੋਟੋ ਖਿਚਵਾਈ।
ਆਪ ਆਗੂਆਂ ਨੇ ਕਿਹਾ ਕਿ ਇਸ ਕਿਸਾਨ ਨਾਲ ਮੁੱਖ ਮੰਤਰੀ ਦੀ ਫੋਟੋ ਪੂਰੇ ਪੰਜਾਬ ਵਿੱਚ ਥਾਂ-ਥਾਂ ਲਗਾ ਦਿੱਤੀ ਗਈ ਹੈ ਪਰ ਅੱਜ ਇਸ ਗੱਲ ਨੂੰ ਇੱਕ ਮਹੀਨਾ ਪੂਰਾ ਹੋ ਗਿਆ ਹੈ ਪਰ ਅਜੇ ਤੱਕ ਉਸ ਨੂੰ ਮੁਆਵਜ਼ਾ ਨਹੀਂ ਮਿਲਿਆ। ਆਗੂਆਂ ਨੇ ਦੋਸ਼ ਲਗਾਇਆ ਕਿ ਕਾਂਗਰਸ ਦੇ ਕਾਰਜਕਾਲ ਵਿੱਚ ਕਰਜਾ ਮਾਫੀ ਦੇ ਨਾਂ ‘ਤੇ ਕਿਸਾਨਾਂ ਨਾਲ ਕਥਿਤ ਧੋਖਾ ਹੁੰਦਾ ਰਿਹਾ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਗੁਰਦਾਸਪੁਰ ਦੇ ਇੱਕ ਕਿਸਾਨ ਨਾਲ ਮੁਲਾਕਾਤ ਕਰਕੇ ਵਾਅਦਾ ਕੀਤਾ ਗਿਆ ਸੀ ਕਿ ਕਰਜਾ ਮਾਫ ਕੀਤਾ ਜਾਏਗਾ ਪਰ ਅਜੇ ਤੱਕ ਅਜਿਹਾ ਨਹੀਂ ਹੋ ਸਕਿਆ। ‘ਆਪ‘ ਆਗੂਆਂ ਨੇ ਕਿਹਾ ਕਿ ਚੰਨੀ ਤੇ ਕੈਪਟਨ ਵਿੱਚ ਕੋਈ ਫਰਕ ਨਹੀਂ ਹੈ। ਉਨ੍ਹਾਂ ਕਿਹਾ ਕਿ ਫੋਕੀ ਵਾਹ-ਵਾਹੀ ਖੱਟੀ ਜਾ ਰਹੀ ਹੈ, ਜਦੋਂਕਿ ਕੋਈ ਕੰਮ ਨਹੀਂ ਹੋ ਰਿਹਾ।