ਪੰਜਾਬ

punjab

ETV Bharat / city

ਮੋਦੀ ਵੱਲੋਂ ਖੇਤੀ ਕਾਨੂੰਨਾਂ ਦਾ ਗੁਣਗਾਨ ਕੀਤੇ ਜਾਣ ‘ਤੇ ‘ਆਪ’ ਨੇ ਪ੍ਰਗਟਾਇਆ ਇਤਰਾਜ਼ - FICCI

ਫਿੱਕੀ ਦੀ ਬੈਠਕ ਵਿੱਚ ਪ੍ਰਧਾਨ ਮੰਤਰੀ ਮੋਦੀ ਵੱਲੋਂ ਖੇਤੀਬਾੜੀ ਕਾਨੂੰਨਾਂ ਦਾ ਗੁਣਗਾਨ ਕੀਤੇ ਜਾਣ ‘ਤੇ ‘ਆਪ’ ਨੇ ਸਖ਼ਤ ਇਤਰਾਜ਼ ਜਤਾਇਆ ਹੈ। ਵਿਰੋਧੀ ਧਿਰ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਬੈਠਕ ਵਿੱਚ ਪ੍ਰਧਾਨ ਮੰਤਰੀ ਨੇ ਕਾਰਪੋਰੇਟਾਂ ਦਾ ਦਬਾਅ ਕਬੂਲ ਕੀਤਾ। ਉਨ੍ਹਾਂ ਕਿਹਾ ਮੋਦੀ ਜੀ ਕੋਲ ਬੈਠਕਾਂ ਨੂੰ ਸੰਬੋਧਨ ਕਰਨ ਦਾ ਸਮਾਂ ਹੈ, ਪਰ ਕੜਾਕੇ ਦੀ ਠੰਢ ਵਿੱਚ ਦਿਨ-ਰਾਤ ਅੰਦੋਲਨ ਕਰ ਰਹੇ ਦੇਸ਼ ਦੇ ਅੰਨਦਾਤਾ ਨੂੰ ਮਿਲਣ ਦਾ ਸਮਾਂ ਨਹੀਂ ਹੈ।

AAP strongly objects to PM Modi's praise of agriculture laws
ਪ੍ਰਧਾਨ ਮੰਤਰੀ ਮੋਦੀ ਵੱਲੋਂ ਖੇਤੀਬਾੜੀ ਕਾਨੂੰਨਾਂ ਦਾ ਗੁਣਗਾਨ ਕੀਤੇ ਜਾਣ ‘ਤੇ ‘ਆਪ’ ਨੇ ਜਤਾਇਆ ਸਖ਼ਤ ਇਤਰਾਜ਼

By

Published : Dec 13, 2020, 8:12 PM IST

ਚੰਡੀਗੜ੍ਹ: ਖੇਤੀ ਸਬੰਧੀ ਕੇਂਦਰੀ ਕਾਲੇ ਕਾਨੂੰਨਾਂ ਵਿਰੁੱਧ ਜਾਰੀ ਕਿਸਾਨ ਅੰਦੋਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭਾਰਤੀ ਵਣਜ ਤੇ ਉਦਯੋਗਿਕ ਫੈਡਰੇਸ਼ਨ (ਐਫਆਈਸੀਸੀਆਈ) ਵਿੱਚ ਖੇਤੀ ਕਾਨੂੰਨਾਂ ਦਾ ਗੁਣਗਾਣ ਕੀਤੇ ਜਾਣ ਉੱਤੇ ਸਖਤ ਇਤਰਾਜ਼ ਕਰਦੇ ਹੋਏ ਆਮ ਆਦਮੀ ਪਾਰਟੀ (ਆਪ) ਨੇ ਸਵਾਲ ਕੀਤਾ ਕਿ ਮਾਨਯੋਗ ਪ੍ਰਧਾਨ ਮੰਤਰੀ ਕਿਸਾਨਾਂ ਦੇ ਸਵਾਲਾਂ ਦਾ ਜਵਾਬ ਉਦਯੋਗਪਤੀਆਂ ਕੋਲ ਜਾ ਕੇ ਕਿਉਂ ਦੇ ਰਹੇ ਹਨ?

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਹਕੀਕਤ ਤੋਂ ਭੱਜ ਕੇ ਗਿਣਤੀ ਦੇ ਵੱਡੇ ਘਰਾਣਿਆਂ ਸਾਹਮਣੇ ਗੋਡੇ ਟੇਕ ਚੁੱਕੀ ਹੈ ਅਤੇ ਅੰਦੋਲਨਕਾਰੀ ਕਿਸਾਨਾਂ ਨੂੰ ਬਦਨਾਮ ਕਰਨ ਦਾ ਹਰ ਦਾਅ ਖੇਡ ਰਹੀ ਹੈ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਉਦਯੋਗਪਤੀਆਂ ਦੇ ਸਾਹਮਣੇ ਦਿੱਤਾ ਗਿਆ ਭਾਸ਼ਣ ਦੱਸਦਾ ਹੈ ਕਿ ਮੋਦੀ ਸਰਕਾਰ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਪੱਖ ਵਿੱਚ ਨਹੀਂ ਹੈ।

ਹਰਪਾਲ ਸਿੰਘ ਚੀਮਾ ਨੇ ਕਿਹਾ, ‘ਹੈਰਾਨੀ ਦੀ ਗੱਲ ਹੈ ਕਿ ਕੜਾਕੇ ਦੀ ਠੰਢ ਵਿੱਚ ਖੇਤੀ ਕਾਨੂੰਨਾਂ ਖਿਲਾਫ਼ ਕਈ ਮਹੀਨਿਆਂ ਤੋਂ ਅੰਦੋਲਨ ਕਰ ਰਹੇ ਦੇਸ਼ ਭਰ ਦੇ ਲੱਖਾਂ ਕਿਸਾਨ ਪਿਛਲੇ 16 ਦਿਨਾ ਤੋਂ ਕੌਮੀ ਰਾਜਧਾਨੀ ਦੇ ਦਰ ਉੱਤੇ ਚਾਰੇ ਪਾਸੇ ਡਟੇ ਹੋਏ ਹਨ। ਪ੍ਰਧਾਨ ਮੰਤਰੀ ਮੋਦੀ ਹੋਰ ਬੈਠਕਾਂ ਵਿੱਚ ਤਾਂ ਸ਼ਾਮਲ ਹੋ ਰਹੇ ਹਨ ਪਰ ਕਿਸਾਨਾਂ ਨਾਲ ਇੱਕ ਵਾਰ ਵੀ ਮੀਟਿੰਗ ਨਹੀਂ ਕੀਤੀ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਐਫਆਈਸੀਸੀਆਈ ਦੀ ਮੀਟਿੰਗ ਵਿੱਚ ਕਿਸਾਨਾਂ ਦੇ ਮਨ ਦੀ ਗੱਲ ਅਣਸੁਣੀ ਕਰਕੇ ਆਪਣੇ ਮਨ ਦੀ ਗੱਲ ਦੱਸ ਹੀ ਦਿੱਤੀ ਕਿ ਖੇਤੀ ਖੇਤਰ ਵਿੱਚ ਜਿੰਨਾਂ ਨਿੱਜੀ ਨਿਵੇਸ਼ ਹੋਣਾ ਚਾਹੀਦਾ ਸੀ, ਪਿਛਲੀਆਂ ਸਰਕਾਰਾਂ ਉਨ੍ਹਾਂ ਨਹੀਂ ਕਰ ਸਕੀਆਂ, ਇਸ ਲਈ ਸਖ਼ਤ ਫੈਸਲੇ ਲੈਣਾ ਜ਼ਰੂਰੀ ਸੀ। ਅਜਿਹੀ ਨੀਤੀ ਅਤੇ ਨੀਅਤ ਅੰਨਦਾਤਾ ਦਾ ਅਪਮਾਨ ਹੈ। ਕੀ ਪ੍ਰਧਾਨ ਮੰਤਰੀ ਦੇਸ਼ ਦੇ ਕਿਸਾਨਾਂ ਦੇ ਪ੍ਰਧਾਨ ਮੰਤਰੀ ਨਹੀਂ ਹਨ?

‘ਆਪ’ ਆਗੂ ਨੇ ਕਿਹਾ ਕਿ ਖੇਤੀ ਅਤੇ ਕਿਸਾਨ ਦੇ ਬਿਨਾਂ ਭਾਰਤ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਅੱਜ ਵੀ ਦੇਸ਼ ਦੀ 65 ਫੀਸਦੀ ਜਨਸੰਖਿਆ ਦਾ ਜਿਉਣ ਤੇ ਆਰਥਿਕਤਾ ਦਾ ਸਾਧਨ ਕੇਵਲ ਇੱਕ ਖੇਤੀ ਖੇਤਰ ਹੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਖੇਤੀ ਅਤੇ ਕਿਸਾਨ ਲਈ ਜਿਸ ਕ੍ਰਾਂਤੀਕਾਰੀ ਕਲਿਆਣ ਦੀ ਗੱਲ ਕਰ ਰਹੇ ਹਨ ਉਹ ਤਾਂ ਕਿਸਾਨਾਂ ਨੇ ਕਦੇ ਮੰਗੇ ਹੀ ਨਹੀਂ। ਕਿਸਾਨ ਦੀ ਮੰਗ ਤਾਂ ਸਵਾਮੀਨਾਥਨ ਕਮੇਟੀ ਦੀਆਂ ਸਾਰੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਦੀ ਰਹੀ ਹੈ। ਕਿਸਾਨ ਤਾਂ ਦਲੀਲ ਨਾਲ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਸਾਰੀਆਂ ਫਸਲਾਂ ਐਮਐਸਪੀ ਉੱਤੇ ਖਰੀਦ ਦੀ ਕਾਨੂੰਨੀ ਗਰੰਟੀ ਮੰਗ ਰਹੇ ਹਨ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ 'ਤੇ ਖ਼ਤਮ ਕਰਾਉਣ ਲਈ ਸੱਤਾਧਾਰੀ ਭਾਜਪਾ ਵੱਲੋਂ ਅਪਣਾਏ ਜਾ ਰਹੇ ਹੱਥਕੰਢਿਆਂ ਦੀ ਸਖ਼ਤ ਨਿੰਦਾ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨਾਂ ਦੇ ਆਗੂਆਂ-ਮੰਤਰੀਆਂ ਦੀ ਹੰਕਾਰੀ ਤੇ ਗੈਰ ਜ਼ਿੰਮੇਵਾਰ ਟਿੱਪਣੀਆਂ ਨਾਲ ਕਿਸਾਨ ਅੰਦੋਲਨ ਕਮਜੋਰ ਨਹੀਂ, ਸਗੋਂ ਹੋਰ ਮਜ਼ਬੂਤ ਹੋ ਰਿਹਾ ਹੈ। ਹੁਣ ਇਹ ਕੇਵਲ ਪੰਜਾਬ, ਹਰਿਆਣਾ ਅਤੇ ਕਿਸਾਨਾਂ ਦਾ ਅੰਦੋਲਨ ਨਹੀਂ ਹੈ, ਇਸ ਵਿੱਚ ਅੰਨਦਾਤਾ ਪ੍ਰਤੀ ਸਨਮਾਨ ਰੱਖਣ ਵਾਲਾ ਦੇਸ਼ ਦਾ ਹਰ ਨਾਗਰਿਕ ਤਨ, ਮਨ ਅਤੇ ਧੰਨ ਨਾਲ ਜੁੜਿਆ ਹੋਇਆ ਹੈ ਅਤੇ ਜੁੜ ਰਿਹਾ ਹੈ। ਰਾਜਧਾਨੀ ਦੀਆਂ ਸਰਹੱਦਾਂ ਉਤੇ ਅੰਦੋਲਨਕਾਰੀਆਂ ਦੀ ਗਿਣਤੀ ਪ੍ਰਤੀ ਦਿਨ ਵਧਦੀ ਜਾ ਰਹੀ ਹੈ।

ABOUT THE AUTHOR

...view details