ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਵਿੱਚ 4 ਦਸੰਬਰ ਤੋਂ 'ਕਿਸਾਨ, ਮਜ਼ਦੂਰ, ਵਪਾਰੀ ਬਚਾਓ' ਮੁਹਿੰਮ ਦੀ ਸ਼ੁਰੂਆਤ ਕਰੇਗੀ। ਇਸ ਮੁਹਿੰਮ ਦੀ ਸ਼ੁਰੂਆਤ 4 ਦਸੰਬਰ ਨੂੰ ਮੌੜ ਮੰਡੀ ਵਿੱਚ ਇਕ ਵੱਡੀ ਜਨ ਸਭਾ ਕਰਕੇ ਕੀਤੀ ਜਾਵੇਗੀ। ਸਾਂਸਦ ਭਗਵੰਤ ਮਾਨ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਪੰਜਾਬ ਵਿੱਚ 3 ਰੈਲੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ 4 ਦਸੰਬਰ ਨੂੰ ਮੌੜ ਮੰਡੀ, 13 ਦਸੰਬਰ ਨੂੰ ਪੱਟੀ ਅਤੇ 20 ਦਸੰਬਰ ਨੂੰ ਬਾਘਾ ਪੁਰਾਣਾ ਵਿਖੇ ਰੈਲੀਆਂ ਕੀਤੀਆਂ ਜਾਣਗੀਆਂ।
ਇਸ ਰੈਲੀ ਦਾ ਮੁੱਖ ਮਕਸਦ ਲੋਕਾਂ ਨੂੰ ਖੇਤੀ ਕਾਨੂੰਨਾਂ ਬਾਰੇ ਜਾਗਰੂਕ ਕਰਨਾ ਹੈ ਅਤੇ ਲੋਕਾਂ ਨੂੰ ਇਹ ਦੱਸਣਾ ਹੈ ਕਿ ਇਹ ਕਾਨੂੰਨਾ ਮਹਿਜ਼ ਕਿਸਾਨਾਂ ਲਈ ਹੀ ਨਹੀਂ ਬਲਕਿ ਆਮ ਲੋਕਾਂ ਲਈ ਵੀ ਮਾਰੂ ਹਨ।
ਇਸ ਦੇ ਨਾਲ ਹੀ ਮਾਨ ਨੇ ਮੁੱਖ ਮੰਤਰੀ ਕੈਪਟਨ ਨੂੰ ਕਾਨੂੰਨੀ ਤੌਰ 'ਤੇ ਐਮਐਸਪੀ ਦੀ ਗਰੰਟੀ ਦੇਣ ਦੀ ਗੱਲ ਆਖੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਜੇ ਕਰ ਐਮਐਸਪੀ ਦੀ ਕਾਨੂੰਨੀ ਗਰੰਟੀ ਨਹੀਂ ਦੇ ਸਕਦੇ ਤਾਂ ਆਪਣਾ ਅਹੁਦਾ ਛੱਡ ਦੇਣ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਉੱਤੇ ਕਿਸਾਨਾਂ ਦੀਆਂ 22 ਫਸਲਾਂ ਨੂੰ ਐਮਐਸਪੀ ਉੱਤੇ ਸਰਕਾਰ ਆਪ ਚੁੱਕੇਗੀ।
ਮਾਨ ਨੇ ਕਿਹਾ ਕਿ ਕਿਸਾਨ ਅੰਦੋਲਨ ਦੀ ਆੜ ਵਿੱਚ ਪੰਜਾਬ ਦੀ ਕੈਪਟਨ ਸਰਕਾਰ ਆਪਣੀਆਂ ਨਾਕਾਬੀਆਂ ਨੂੰ ਲੁਕਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੇ ਘਰ ਘਰ ਨੌਕਰੀਆਂ, ਸਮਾਰਟ ਫੋਨ 'ਤੇ ਹੋਰ ਅਨੇਕਾਂ ਵਾਅਦੇ ਕੀਤੇ ਸਨ ਜੋ ਅੱਜ ਤੱਕ ਪੂਰੇ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਅੱਜ ਹਰ ਵਰਗ ਦੁੱਖੀ ਹੋ ਕੇ ਸੜਕਾਂ ਉੱਤੇ ਹੈ, ਪਰ ਮੁੱਖ ਮੰਤਰੀ ਕੈਪਟਨ ਸਸ਼ਾਹੀ ਮਹਿਲਾਂ ਵਿੱਚ ਰਹਿ ਰਹੇ ਹਨ