ਚੰਡੀਗੜ੍ਹ: ਆਮ ਆਦਮੀ ਪਾਰਟੀ (Aam Aadmi Party) ਪੰਜਾਬ ਨੇ ਸੂਬੇ ਵਿੱਚ ਡੀ.ਏ.ਪੀ. ਖਾਦ (D.A.P. Fertilizer) ਦੀ ਭਾਰੀ ਕਮੀ ਹੋਣ ’ਤੇ ਗਹਿਰੀ ਚਿੰਤਾ ਪ੍ਰਗਟਾਈ ਹੈ, ਕਿਉਂਕਿ ਖਾਦ ਦੀ ਘਾਟ ਕਾਰਨ ਹਾੜੀ ਦੀਆਂ ਫ਼ਸਲਾਂ ਖ਼ਾਸ ਕਰਕੇ ਕਣਕ ਦੀ ਬਿਜਾਈ ’ਤੇ ਬਹੁਤ ਹੀ ਮਾੜਾ ਅਸਰ ਪਵੇਗਾ। ਡੀ.ਏ.ਪੀ ਦੀ ਅਣਕਿਆਸੀ ਘਾਟ ਲਈ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਉਂਦਿਆਂ ‘ਆਪ’ ਪੰਜਾਬ ਦੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੇ ਇਸ ਸੋਚੀ ਸਮਝੀ ਕਿੱਲਤ ਨੂੰ ਕਿਸਾਨ ਅਤੇ ਪੰਜਾਬ ਵਿਰੁੱਧ ਗਹਿਰੀ ਸਾਜ਼ਿਸ਼ ਕਰਾਰ ਦਿੱਤਾ ਹੈ।
ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੇ ਕਿਹਾ, ‘‘ਪੰਜਾਬ ਵਿੱਚ ਝੋਨੇ ਦੀ ਕਟਾਈ ਤੋਂ ਤੁਰੰਤ ਬਾਅਦ ਹਾੜੀ ਦੀਆਂ ਫ਼ਸਲਾਂ ਕਣਕ, ਆਲੂ, ਪਸ਼ੂਆਂ ਦੇ ਚਾਰੇ ਆਦਿ ਦੀ ਬਿਜਾਈ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਫ਼ਸਲਾਂ ਦੀ ਬਿਜਾਈ ਲਈ ਡੀ.ਏ.ਪੀ. ਖਾਦ ਦੀ ਬਹੁਤ ਹੀ ਅਹਿਮ ਲੋੜ ਹੁੰਦੀ ਹੈ।
ਕੇਂਦਰ ਅਤੇ ਸੂਬਾ ਸਰਕਾਰਾਂ ਆਪਸੀ ਤਾਲਮੇਲ ਨਾਲ ਇਸ ਅਹਿਮ ਜ਼ਰੂਰਤ ਦਾ ਅਗਾਊਂ ਪ੍ਰਬੰਧ ਕਰਦੀਆਂ ਹਨ ਪਰ ਇੰਜ ਜਾਪਦਾ ਕਿ ਡੀ.ਏ.ਪੀ. ਖਾਦ ਦੀ ਸਮੇਂ ਸਿਰ ਲੋੜੀਂਦੀ ਸਪਲਾਈ ਨਾ ਦੇ ਕੇ ਜਿੱਥੇ ਕੇਂਦਰ ਸਰਕਾਰ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਨਾਲ ਕਿੜ੍ਹ ਕੱਢ ਰਹੀ ਹੈ, ਉੱਥੇ ਪੰਜਾਬ ਸਰਕਾਰ ਵੀ ਸੁੱਤੀ ਪਈ ਹੈ, ਕਿਉਂਕਿ ਖੇਤੀ ਪ੍ਰਧਾਨ ਪੰਜਾਬ ਵਿੱਚ ਹਾੜੀ ਦੀ ਫ਼ਸਲ ਦੀ ਬਿਜਾਈ ਲਈ 5.5 ਲੱਖ ਟਨ ਡੀ.ਏ.ਪੀ ਦੀ ਲੋੜ ਹੈ। ਪ੍ਰੰਤੂ ਇਸ ਸਮੇਂ ਕੇਵਲ 74,000 ਟਨ ਖਾਦ ਦਾ ਭੰਡਾਰ ਹੈ। ਉਨ੍ਹਾਂ ਕਿਾਹ ਕਿ ਇਸ ਹਿਸਾਬ ਨਾਲ ਸੂਬੇ ’ਚ 4.80 ਲੱਖ ਟਨ ਖਾਦ ਦੀ ਘਾਟ ਪਾਈ ਜਾ ਰਹੀ ਹੈ।’’ਉਨ੍ਹਾਂ ਕਿਹਾ ਕਿ ਪੰਜਾਬ ’ਚ 87 ਫ਼ੀਸਦ ਡੀ.ਏ.ਪੀ. ਖਾਦ ਦੀ ਘਾਟ ਕਾਰਨ ਜਿੱਥੇ ਹਾੜੀ ਦੀਆਂ ਫ਼ਸਲਾਂ ਦੀ ਬਿਜਾਈ ’ਤੇ ਮਾੜਾ ਅਸਰ ਪਵੇਗਾ, ਉੱਥੇ ਹੀ ਕਾਲ਼ਾ ਬਾਜ਼ਾਰੀ ਸ਼ੁਰੂ ਹੋ ਜਾਵੇਗੀ ਅਤੇ ਕਿਸਾਨਾਂ ਨੂੰ ਆਰਥਿਕ ਤੌਰ ’ਤੇ ਲੁੱਟਿਆ ਜਾਵੇਗਾ।