ਚੰਡੀਗੜ੍ਹ: ਮਹਿੰਗੀ ਬਿਜਲੀ ਦੇ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਐਮਐਲਏ ਹੋਸਟਲ ਤੋਂ ਵਿਧਾਨ ਸਭਾ ਤੱਕ ਪੈਦਲ ਮਾਰਚ ਕਰ ਕੈਪਟਨ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਲੋਕਾਂ ਉੱਤੇ ਵਾਧੂ ਬੋਝ ਪਾ ਰਹੀ ਹੈ ਤੇ ਬਿਜਲੀ ਸੂਬੇ ਵਿੱਚ ਇੰਨੀ ਮਹਿੰਗੀ ਹੋ ਚੁੱਕੀ ਹੈ ਕਿ ਕੋਈ ਵੀ ਵਪਾਰੀ ਇੱਥੇ ਇੰਡਸਟਰੀ ਨਹੀਂ ਲਗਾਉਂਦਾ, ਕਿਉਂਕਿ ਮਹਿੰਗੀ ਬਿਜਲੀ ਅਤੇ ਮਹਿੰਗੀ ਜ਼ਮੀਨ ਪੰਜਾਬ ਵਿੱਚ ਜਦ ਕਿ ਦੂਜੇ ਸੂਬਿਆਂ ਵਿੱਚ ਬਿਜਲੀ ਅਤੇ ਜ਼ਮੀਨ ਸਸਤੀ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਨਿਸ਼ਾਨਾ ਸਾਧਦਿਆਂ ਅਮਨ ਅਰੋੜਾ ਨੇ ਕਿਹਾ ਕਿ ਜੇਕਰ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਵਿਧਾਨ ਸਭਾ ਵਿੱਚ ਅਮੈਂਡਮੈਂਟ ਸੋਧ ਕੀਤੀਆਂ ਜਾ ਸਕਦੀਆਂ ਹਨ ਤਾਂ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਭਾਜਪਾ ਦੀ ਸਰਕਾਰ ਸਮੇਂ 25 ਸਾਲ ਦੇ ਕੀਤੇ ਐਗਰੀਮੈਂਟ ਕਿਉਂ ਨਹੀਂ ਵਿਧਾਨ ਸਭਾ ਵਿੱਚ ਤੋੜੇ ਜਾ ਸਕਦੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਦੀ ਮਨਸ਼ਾ ਸਹੀ ਨਹੀਂ ਹੈ ਇਸੇ ਕਾਰਨ ਪੰਜਾਬ ਦੇ ਲੋਕਾਂ ਉੱਤੇ ਮਹਿੰਗੀ ਬਿਜਲੀ ਦਾ ਵਾਧੂ ਬੋਝ ਪਾਇਆ ਜਾ ਰਿਹਾ ਹੈ।