ਚੰਡੀਗੜ੍ਹ: ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਘੇਰਨ ਦੇ ਸਮੇਂ ਪੁਲਿਸ ਵੱਲੋਂ ਰੋਕੇ ਜਾਣ ਦੇ ਬਾਵਜੂਦ ਬੈਰੀਕੇਟ ਤੋੜ ਕੇ ਪੁਲਿਸ ਨਾਲ ਧੱਕਾ ਮੁੱਕੀ ਕਰਦੇ ਹੋਏ ਆਪ ਵਿਧਾਇਕਾਂ ਵੱਲੋਂ ਸਿਸਵਾਂ ਡੈਮ ਰੋਡ 'ਤੇ ਪਹੁੰਚਣ ਦੀ ਕੋਸ਼ਿਸ਼ ਕੀਤੀ ਗਈ।
ਜਗਰਾਓਂ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਸਰਬਜੀਤ ਕੌਰ ਮਾਣੂਕੇ ਸਣੇ ਆਮ ਆਦਮੀ ਪਾਰਟੀ ਦੀਆਂ ਮਹਿਲਾ ਪ੍ਰਦਰਸ਼ਨਕਾਰੀਆਂ ਵੱਲੋਂ ਪੁਲਿਸ ਬੈਰੀਕੇਟ ਤੋੜ ਕੇ ਨਾਅਰੇਬਾਜ਼ੀ ਕਰ ਅੱਗੇ ਵਧਣ ਲੱਗੇ ਤਾਂ ਸਿਰਫ਼ 2 ਮਹਿਲਾ ਪੁਲਿਸ ਕਰਮੀ ਹੀ ਉਨ੍ਹਾਂ ਨੂੰ ਫੜਨ ਲਈ ਭੇਜੇ ਗਏ ਪਰ ਦੋਵੇਂ ਪੁਲਿਸ ਕਰਮੀ ਮਹਿਲਾ ਪ੍ਰਦਰਸ਼ਨਕਾਰੀਆਂ ਨੂੰ ਫੜ੍ਹਨ ਵਿੱਚ ਨਾ ਕਾਮਯਾਬ ਰਹੀਆਂ।
ਧਰਨੇ ਮੌਕੇ ਝਾੜੂ ਵਾਲਿਆਂ ਦੀ ਪੁਲਿਸ ਨਾਲ ਹੋਈ 'ਖਿੱਚ ਧੂਹ' ਉਥੇ ਹੀ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਫੇਜ਼ ਇੱਕ ਥਾਣੇ ਵਿੱਚ ਲਿਜਾਇਆ ਗਿਆ। ਦੱਸ ਦਈਏ ਕਿ ਸਵੇਰ ਤੋਂ ਮੋਹਾਲੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਦੀ ਕੋਠੀ ਤੋਂ ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਲਈ ਨਿਕਲੇ ਵਿਧਾਇਕਾਂ ਵੱਲੋਂ ਪੰਜਾਬ ਅਤੇ ਚੰਡੀਗੜ੍ਹ ਪੁਲਿਸ ਨੂੰ ਚਕਮਾ ਦਿੰਦਿਆਂ ਮੁੱਲਾਂਪੁਰ ਰੋਡ 'ਤੇ ਜਾ ਪਹੁੰਚੇ।
ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਨਾਲ ਜਿਥੇ ਲਗਾਤਾਰ ਕਾਂਗਰਸ ਸਰਕਾਰ ਘਿਰਦੀ ਨਜ਼ਰ ਆ ਰਹੀ ਹੈ ਉਥੇ ਹੀ ਕਾਂਗਰਸ ਦੇ ਆਪਣੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਨੇ ਵੀ ਮੋਰਚਾ ਖੋਲ੍ਹ ਦਿੱਤਾ ਹੈ।