ਚੰਡੀਗੜ੍ਹ: ਖੇਤੀ ਸੁਧਾਰ ਕਾਨੂੰਨਾਂ ਖ਼ਿਲਾਫ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਭੱਖ ਚੁੱਕੀ ਹੈ। ਆਪ ਵਿਧਾਇਕ ਇਸ ਬਿੱਲ ਦੇ ਖਰੜੇ ਦੀ ਮੰਗ ਨੂੰ ਲੈ ਕੇ ਅੜ੍ਹੇ ਹੋਏ ਹਨ। ਸੋਮਵਾਰ ਦੁਪਹਿਰ ਤੋਂ ਵਿਧਾਨ ਸਭਾ ਦੇ ਅੰਦਰ ਬੈਠੇ ਆਪ ਵਿਧਾਇਕਾਂ ਦਾ ਧਰਨਾ ਰਾਤ ਭਰ ਜਾਰੀ ਰਿਹਾ।
ਸੋਮਵਾਰ ਨੂੰ ਖੇਤੀ ਸੁਧਾਰ ਕਾਨੂੰਨ ਨੂੰ ਰੱਦ ਕਰਵਾਉਣ ਲਈ ਬੁਲਾਏ ਗਏ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੀ ਕਾਰਵਾਈ ਸਿਰਫ਼ 35 ਮਿਨਟ ਹੀ ਚੱਲ ਸਕੀ। ਕਾਰਵਾਈ ਮੰਗਲਵਾਰ ਦੇ ਲਈ ਮੁਲਤਵੀ ਕੀਤੇ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਸਦਨ ਦੇ ਅੰਦਰ ਹੀ ਧਰਨਾ ਲਗਾ ਲਿਆ। ਉਨ੍ਹਾਂ ਦਾ ਕਹਿਣਾ ਹੈ ਜੱਦ ਤੱਕ ਖਰੜੇ ਦੀ ਕਾਪੀ ਨਹੀਂ ਮਿਲਦੀ, ਉਹ ਧਰਨੇ 'ਤੇ ਹੀ ਬੈਠੇ ਰਹਿਣਗੇ।
ਵਿਰੋਧੀ ਧਿਰ ਦੇ ਨੇਤਾ ਤੇ ਆਪ ਪਾਰਟੀ ਆਗੂ ਹਰਪਾਲ ਚੀਮਾ ਨੇ ਕੈਪਟਨ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਨਾ ਤਾਂ ਖਰੜੇ ਦੀ ਕਾਪੀ ਸਾਨੂੰ ਦਿੱਤੀ ਗਈ ਤੇ ਨਾ ਹੀ ਕਿਸੇ ਹੋਰ ਪਾਰਟੀ ਦੇ ਵਿਧਾਇਕ ਨੂੰ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਉਦੋਂ ਤੱਕ ਨਹੀਂ ਜਾਣਗੇ, ਜਦੋਂ ਤੱਕ ਖਰੜਾ ਜਨਤਕ ਨਹੀਂ ਕੀਤਾ ਜਾਂਦਾ।
ਸਦਨ ਦੇ ਅੰਦਰ ਬੈਠੇ ਸੰਸਦ ਮੈਂਬਰ ਅਮਨ ਅਰੋੜਾ ਨੇ ਫੇਸਬੁੱਕ 'ਤੇ ਲਾਈਵ ਹੋ ਕਿ ਕਿਹਾ ਕਿ ਕਿਸਾਨਾਂ-ਮਜ਼ਦੂਰਾਂ-ਆੜ੍ਹਤੀਆਂ ਨੂੰ ਮਾਰਨ ਵਾਲੇ ਕੇਂਦਰ ਦੇ ਤਿੰਨ ਕਾਲੇ ਕਾਨੂੰਨਾਂ ਤੋਂ ਬਚਾਉਣ ਲਈ ਸਰਕਾਰ ਨੇ ਵਿਸ਼ੇਸ਼ ਇਜਲਾਸ ਤਾਂ ਬੁਲਾ ਲਿਆ ਪਰ ਅਜੇ ਤੱਕ ਮਤੇ ਦਾ ਖਰੜਾ ਨਹੀਂ ਦਿਖਾਇਆ ਗਿਆ ਜਿਸ ਨੂੰ ਉਹ ਲੈ ਕੇ ਹੀ ਉਠਣਗੇ। ਜੇ ਕਿਸਾਨ ਵੀਰ ਏਨੀਆਂ ਰਾਤਾਂ ਰੇਲ ਲਾਈਨਾਂ 'ਤੇ ਕੱਟ ਸਕਦੇ ਹਨ ਤਾਂ ਅਸੀਂ ਇੱਕ ਰਾਤ ਵਿਧਾਨ ਸਭਾ ਵਿੱਚ ਕਿਉਂ ਨਹੀਂ ਕੱਟ ਸਕਦੇ?"