ਚੰਡੀਗੜ੍ਹ: ਬੀਤੇ ਸ਼ੁੱਕਰਵਾਰ ਨੂੰ ਹੋਏ ਪੰਜਾਬ ਵਿਧਾਨ ਸਭਾ ਦੇ ਇੱਕ ਰੋਜ਼ਾ ਇਜਲਾਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖ਼ੁਦ ਨੂੰ 7 ਦਿਨਾਂ ਲਈ ਇਕਾਂਤਵਾਸ ਵਿੱਚ ਰੱਖਣ ਦਾ ਫ਼ੈਸਲਾ ਕੀਤਾ ਹੈ। ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਤੰਜ ਕਸਿਆ ਹੈ।
ਕੈਪਟਨ ਦੇ ਇਕਾਂਤਵਾਸ ਹੋਣ 'ਤੇ ਮਾਨ ਦਾ ਤੰਜ, 'ਪੰਜਾਬ ਦੀ ਤਰੱਕੀ ਨੂੰ ਲੱਗੀਆਂ ਬ੍ਰੇਕਾਂ' - capt amarinder quarantined
ਕੋਰੋਨਾ ਪੌਜ਼ੀਟਿਵ ਵਿਧਾਇਕ ਦੇ ਸੰਪਰਕ ਵਿੱਚ ਆਉਣ ਮਗਰੋਂ ਇਕਾਂਤਵਾਸ ਹੋਏ ਮੁੱਖ ਮੰਤਰੀ 'ਤੇ ਤੰਜ ਕਸਦਿਆਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਤਰੱਕੀ ਨੂੰ ਇੱਕ ਹਫ਼ਤੇ ਲਈ ਬਰੇਕਾਂ ਲੱਗ ਗਈਆਂ ਹਨ।
ਭਗਵੰਤ ਮਾਨ
ਆਪ ਦੇ ਸੂਬਾ ਪ੍ਰਧਾਨ ਨੇ ਟਵੀਟ ਕਰਦਿਆਂ ਕਿਹਾ, "ਸਾਢੇ ਤਿੰਨ ਸਾਲ ਤੋਂ ਆਪਣੇ ਮਹਿਲ ਵਿੱਚ ਇਕਾਂਤਵਾਸ ਹੋਏ ਰਾਜਾ ਅਮਰਿੰਦਰ ਸਿੰਘ ਦੇ ਇਕਾਂਤਵਾਸ ਵਿੱਚ 7 ਦਿਨ ਦਾ ਹੋਰ ਵਾਧਾ ਕੀਤਾ ਗਿਆ... ਪੰਜਾਬ ਦੀ ਤਰੱਕੀ ਨੂੰ ਲੱਗੀਆਂ ਇੱਕ ਹਫ਼ਤੇ ਲਈ ਬਰੇਕਾਂ...।"
ਦੱਸਣਯੋਗ ਹੈ ਕਿ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਦੋ ਵਿਧਾਇਕ ਕੋਰੋਨਾ ਪੌਜ਼ੀਟਿਵ ਪਾਏ ਗਏ ਸਨ, ਜਿਨ੍ਹਾਂ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਸੀ। ਇਸੇ ਕਰਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰੀ ਨਿਯਮਾਂ ਦੀ ਪਾਲਣਾ ਕਰਦਿਆਂ ਅਤੇ ਡਾਕਟਰਾਂ ਦੀ ਸਲਾਹ ਨਾਲ ਖ਼ੁਦ ਨੂੰ 7 ਦਿਨਾਂ ਲਈ ਇਕਾਂਤਵਾਸ ’ਚ ਰੱਖਣ ਦਾ ਫ਼ੈਸਲਾ ਲਿਆ ਸੀ।