ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ 28 ਅਗਸਤ ਨੂੰ ਹੋਣ ਜਾ ਰਹੇ ਇੱਕ ਰੋਜ਼ਾ ਇਜਲਾਸ ਦੇ ਮੱਦੇਨਜ਼ਰ ਮੰਗਲਵਾਰ ਨੂੰ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਨੇ ਬੈਠਕ ਕਰਕੇ ਸਾਰੇ ਅਹਿਮ ਮਸਲਿਆਂ ਬਾਰੇ ਵਿਚਾਰ ਚਰਚਾ ਕੀਤੀ।
ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਨੇ ਸਦਨ 'ਚ ਕੇਂਦਰ ਦੇ ਖੇਤੀ ਵਿਰੋਧੀ ਆਰਡੀਨੈਂਸਾਂ, ਪਾਣੀਆਂ ਦਾ ਸੰਕਟ ਅਤੇ ਐਸਵਾਈਐਲ, ਕੇਂਦਰੀ ਬਿਜਲੀ ਸੋਧ ਬਿਲ-2020, ਮੌਂਟੇਕ ਸਿੰਘ ਆਹਲੂਵਾਲੀਆਂ ਰਿਪੋਰਟ ਅਤੇ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਦੇ ਮੁੱਦੇ ਸਮੇਤ ਪੰਜਾਬ ਦੇ ਸਾਰੇ ਭਖਵੇਂ ਮੁੱਦੇ ਸਦਨ 'ਚ ਉਠਾਉਣ ਦਾ ਫੈਸਲਾ ਲਿਆ ਹੈ।
ਚੀਮਾ ਨੇ ਕਿਹਾ, "ਹਾਲਾਂਕਿ ਪੰਜਾਬ ਸਰਕਾਰ ਨੇ ਲੋਕਤੰਤਰ ਦੀ ਸ਼ਰੇਆਮ ਖਿੱਲੀ ਉਡਾਉਂਦੇ ਹੋਏ ਮਹਿਜ਼ ਚਾਰ ਘੰਟਿਆਂ ਦਾ ਮਾਨਸੂਨ ਸੈਸ਼ਨ ਰੱਖ ਕੇ ਪੰਜਾਬ ਅਤੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ, ਕਿਉਂਕਿ ਭ੍ਰਿਸ਼ਟਾਚਾਰੀਆਂ ਅਤੇ ਮਾਫੀਆ 'ਚ ਘਿਰੀ ਰਾਜਾਸ਼ਾਹੀ ਸਰਕਾਰ ਲੋਕਾਂ ਦੇ ਮਸਲਿਆਂ 'ਤੇ ਵਿਰੋਧੀ ਧਿਰ ਦੇ ਸਵਾਲਾਂ ਦਾ ਸਾਹਮਣਾ ਕਰਨ ਦੀ ਹਿੰਮਤ ਖੋ ਚੁੱਕੀ ਹੈ। ਫਿਰ ਵੀ ਅਸੀਂ ਸਾਰੇ ਪ੍ਰਮੁੱਖ ਮੁੱਦਿਆਂ 'ਤੇ ਸਰਕਾਰ ਨੂੰ ਕਟਹਿਰੇ 'ਚ ਖੜਾ ਕਰਾਂਗੇ।"