ਸ੍ਰੀ ਫ਼ਤਿਹਗੜ੍ਹ ਸਾਹਿਬ: ਸ਼ਹੀਦੀ ਜੋੜ ਮੇਲ ਮੌਕੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਆਮ ਆਦਮੀ ਪਾਰਟੀ ਪੰਜਾਬ ਦੇ ਸਾਰੇ ਆਗੂ ਨੇ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ‘ਆਪ’ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅੱਜ ਉਹ ਨਿਗੂਣੇ ਸਿੱਖ ਹੁੰਦੇ ਹੋਏ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਅੱਗੇ ਸਿਰ ਝੁਕਾਉਣ ਲਈ ਪੁੱਜੇ ਹਾਂ। ਵਾਹਿਗੁਰੂ ਅੱਗੇ ਅਰਦਾਸ ਕੀਤੀ ਹੈ ਕਿ ਸਾਨੂੰ ਗੁਰੂ ਵੱਲੋਂ ਦਿਖਾਏ ਗਏ ਜ਼ਬਰ ਜ਼ੁਲਮ ਵਿਰੁੱਧ ਲੜਨ ਲਈ ਹਿੰਮਤ ਬਖਸ਼ਣ।
'ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲੱਖਾਂ ਪੁੱਤਰ ਅੱਜ ਦਿੱਲੀ ਸਰਹੱਦ ’ਤੇ ਜ਼ੁਲਮ ਵਿਰੁੱਧ ਡਟੇ'
‘ਆਪ’ ਆਗੂਆਂ ਨੇ ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਕਿਹਾ ਕਿ ਉਸ ਸਮੇਂ ਦੇ ਜ਼ਾਲਮ ਅੱਗੇ ਹੱਕ, ਸੱਚ, ਜ਼ੁਲਮ ਵਿਰੁੱਧ ਡਟਦਿਆਂ ਆਪਣਾ ਸਿਦਕ ਨਿਭਾਉਂਦੇ ਹੋਏ ਕੁਰਬਾਨੀ ਦਿੱਤੀ। ਉਨ੍ਹਾਂ ਕਿਹਾ ਕਿ ਉਸ ਸਮੇਂ ਦੇ ਜ਼ਾਲਮਾਂ ਤੇ ਮੌਜੂਦਾਂ ਸਰਕਾਰਾਂ ਵਿੱਚ ਕੋਈ ਬਹੁਤ ਅੰਤਰ ਨਹੀਂ ਹੈ, ਸਿਰਫ ਬਦਲਿਆਂ ਹੈ ਤਾਂ ਉਹ ਇਕ ਜ਼ੁਲਮ ਕਰਨ ਦਾ ਤਰੀਕਾ ਬਦਲਿਆ ਹੈ। ਉਸ ਸਮੇਂ ਵੀ ਜ਼ੁਲਮ ਵਿਰੁਧ ਆਵਾਜ਼ ਉਠਾਉਣ ਵਾਲਿਆਂ ਉੱਤੇ ਅੱਤਿਆਚਾਰ ਕੀਤਾ ਜਾਂਦਾ ਸੀ ਅਤੇ ਅੱਜ ਵੀ ਉਨਾਂ ਉੱਤੇ ਅੱਤਿਆਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਕੁਦਰਤ ਦੇ ਹੀ ਰੰਗ ਹਨ ਕਿ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਮੇਂ ਵੀ ਪੋਹ ਦੀਆਂ ਠੰਢੀਆਂ ਰਾਤਾਂ ਸਨ ਅਤੇ ਇਸ ਪੋਹ ਮਹੀਨੇ ’ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਮਾਂ ਅਤੇ ਚਾਰੇ ਪੁੱਤਰਾਂ ਨੂੰ ਵਾਰ ਦਿੱਤਾ ਸੀ। ਅੱਜ ਵੀ ਉਹ ਹੀ ਠੰਢਾ ਪੋਹ ਮਹੀਨਾ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਦਿਖਾਏ ਰਾਹ ਉੱਤੇ ਚੱਲਣ ਵਾਲੇ ਸ਼ਰਧਾਲੂ ਪੋਹ ਦੀਆਂ ਠੰਢੀਆਂ ਰਾਤਾਂ ਵਿੱਚ ਅੱਜ ਦੇ ਹਾਕਮ ਵਿਰੁੱਧ ਖੁੱਲੇ ਅਸਮਾਨ ਹੇਠ ਡਟੇ ਹੋਏ ਹਨ।
'ਕਿਰਤੀ ਲੋਕਾਂ 'ਤੇ ਜ਼ੁਲਮ ਕਰਨ ਤੋਂ ਪਹਿਲਾਂ ਮੋਦੀ ਸਰਕਾਰ ਪੰਜਾਬ ਦਾ ਇਤਿਹਾਸ ਪੜ੍ਹ ਲਵੇ'
‘ਆਪ’ ਆਗੂਆਂ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਸੰਬੋਧਤ ਹੁੰਦੇ ਹੋਏ ਕਿਹਾ ਕਿ ਮੋਦੀ ਸਰਕਾਰ ਕਿਰਤੀ ਲੋਕਾਂ ਉੱਤੇ ਜ਼ੁਲਮ ਢਾਹੁਣ ਤੋਂ ਪਹਿਲਾਂ ਪੰਜਾਬ ਦਾ ਇਤਿਹਾਸ ਚੰਗੀ ਤਰ੍ਹਾਂ ਪੜ੍ਹ ਲਵੇ। ਅੱਜ ਜੋ ਦਿੱਲੀ ਦੀ ਸਰਹੱਦ ਉਤੇ ਖੁੱਲੇ ਅਸਮਾਨ ਹੇਠ ਅੰਦੋਲਨ ਕਰ ਰਹੇ ਹਨ ਇਹ ਉਹ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਨ, ਜਿਨ੍ਹਾਂ ਨੇ ਪੋਹ ਦੇ ਮਹੀਨੇ ਵਿੱਚ ਆਪਣੇ ਪੁੱਤਰ ਕੁਰਬਾਨ ਕਰ ਦਿੱਤੇ ਸਨ ਅਤੇ ਫਿਰ ਵੀ ਚੜਦੀ ਕਲਾਂ ’ਚ ਰਹਿਣ ਦਾ ਸੰਦੇਸ਼ ਦਿੱਤਾ ਸੀ। ਗੁਰੂ ਵੱਲੋਂ ਜ਼ੁਲਮ ਵਿਰੁੱਧ ਆਵਾਜ਼ ਚੁੱਕਣ ਦੇ ਵਿਖਾਏ ਗਏ ਮਾਰਗ ਉੱਤੇ ਚੱਲਣਾ ਸਾਡਾ ਧਰਮ ਹੈ। ਅਸੀਂ ਵਹਿਗੁਰੂ ਅੱਗੇ ਅਰਦਾਸ਼ ਕੀਤੀ ਹੈ ਕਿ ਸਾਡੇ ਉਤੇ ਅਜਿਹਾ ਕੋਈ ਸਮਾਂ ਨਾ ਆਵੇ ਜਿਥੇ ਅਸੀਂ ਆਪਣਾ ਧਰਮ ਨਾ ਨਿਭਾਅ ਸਕੀਏ।