ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਟਰੱਕ ਓਪਰੇਟਰਾਂ ਨਾਲ ਵਾਅਦਾ ਕੀਤਾ ਕਿ ਸੂਬੇ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਟਰਾਂਸਪੋਰਟਰਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ 'ਤੇ ਹੱਲ ਕੀਤੀਆਂ ਜਾਣਗੀਆਂ। ਟਰਾਂਸਪੋਰਟ ਮਾਫ਼ੀਆ ਖ਼ਤਮ ਕੀਤਾ ਜਾਵੇਗਾ। ਟਰੱਕ ਓਪਰੇਟਰਾਂ ਅਤੇ ਟਰਾਂਸਪੋਰਟਰਾਂ ਦੀ ਭਾਗੀਦਾਰੀ ਵਾਲਾ ਇੱਕ ਕਮਿਸ਼ਨ ਬਣਾਇਆ ਜਾਵੇਗਾ, ਜਿਸ ਦੇ ਫ਼ੈਸਲਿਆਂ ਨੂੰ 'ਆਪ' ਦੀ ਸਰਕਾਰ ਲਾਗੂ ਕਰੇਗੀ। ਕੇਜਰੀਵਾਲ ਨੇ ਇਹ ਐਲਾਨ ਜ਼ੀਰਕਪੁਰ ਵਿਖੇ ਪੰਜਾਬ ਸਰਕਾਰ ਖ਼ਿਲਾਫ਼ ਧਰਨੇ 'ਤੇ ਬੈਠੇ ਟਰੱਕ ਓਪਰੇਟਰਾਂ ਨੂੰ ਸੰਬੋਧਨ ਕਰਦਿਆਂ ਕੀਤਾ, ਜੋ ਅੱਜ 'ਆਪ' ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਹੋਰ ਆਗੂਆਂ ਨਾਲ ਟਰਾਂਸਪੋਰਟਰਾਂ ਦੇ ਧਰਨੇ ਵਿੱਚ ਸ਼ਾਮਲ ਹੋਏ ਸਨ।
ਵੀਰਵਾਰ ਨੂੰ ਟਰੱਕ ਓਪਰੇਟਰਾਂ ਦੇ ਧਰਨੇ ਵਿੱਚ ਪਹੁੰਚੇ ਅਰਵਿੰਦ ਕੇਜਰੀਵਾਲ ਨੇ ਧਰਨਾਕਾਰੀਆਂ ਤੋਂ ਮੰਗ ਪੱਤਰ ਲੈਣ ਤੋਂ ਬਾਅਦ ਐਲਾਨ ਕੀਤਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਟਰੱਕ ਓਪਰੇਟਰਾਂ ਦੀਆਂ ਸਾਰੀਆਂ ਮੰਗਾਂ ਮੰਨਦੀ ਹੈ ਅਤੇ ਸੂਬੇ ਵਿੱਚ 'ਆਪ' ਦੀ ਸਰਕਾਰ ਬਣਨ 'ਤੇ ਪੰਜਾਬ ਦੇ ਟਰਾਂਸਪੋਰਟਰਾਂ ਦੀਆਂ ਸਮੱਸਿਆਵਾਂ ਦਾ ਪੱਕਾ ਹੱਲ ਕੀਤਾ ਜਾਵੇਗਾ। ਕੇਜਰੀਵਾਲ ਨੇ ਕਿਹਾ ਕਿ ਮੈਂ ਤੁਹਾਡਾ ਭਰਾ ਬਣ ਕੇ ਤੁਹਾਡੇ ਕੋਲ ਆਇਆ ਹਾਂ, ਕੋਈ ਰਾਜਨੀਤਿਕ ਆਗੂ ਬਣ ਕੇ ਨਹੀਂ। ਜੇ ਮੈਂ ਤੁਹਾਡੀਆਂ ਸਮੱਸਿਆਵਾਂ ਹੱਲ ਕਰ ਦੇਵਾਂ, ਤੁਹਾਡਾ ਰੋਜ਼ਗਾਰ ਬਚਾਅ ਦੇਵਾਂ ਤਾਂ ਇਹ ਮੇਰਾ ਸੁਭਾਗ ਹੋਵੇਗਾ। ਇਸ ਦੇ ਲਈ ਮੈਨੂੰ ਤੁਹਾਡੀ ਲੋੜ ਹੈ। ਇਸ ਲਈ ਇੱਕ ਮੌਕਾ 'ਆਪ' ਨੂੰ ਦੇਵੋ। ਫਿਰ ਤੁਹਾਨੂੰ ਧਰਨੇ ਪ੍ਰਦਰਸ਼ਨਾਂ 'ਤੇ ਬੈਠਣਾ ਨਹੀਂ ਪਵੇਗਾ। ਪੰਜਾਬ ਦੇ ਟਰਾਂਸਪੋਰਟਰਾਂ ਦੀਆਂ ਦਿੱਲੀ ਸੂਬੇ ਨਾਲ ਸੰਬੰਧਿਤ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ ਦਿੰਦਿਆਂ ਕੇਜਰੀਵਾਲ ਨੇ ਟਰੱਕ ਓਪਰੇਟਰਾਂ ਨੂੰ ਦਿੱਲੀ ਆਉਣ ਦਾ ਸੱਦਾ ਵੀ ਦਿੱਤਾ ਤਾਂ ਜੋ ਟਰਾਂਸਪੋਰਟਰਾਂ ਅਤੇ ਦਿੱਲੀ ਦੇ ਅਧਿਕਾਰੀਆਂ ਦੀ ਬੈਠਕ ਕਰਕੇ ਉਚਿੱਤ ਹੱਲ ਕੀਤਾ ਜਾਵੇ।
ਪੰਜਾਬ ਦੇ ਟਰਾਂਸਪੋਰਟਰਾਂ ਦੀਆਂ ਸਮੱਸਿਆਵਾਂ ਦਾ ਪੱਕਾ ਹੱਲ ਕਰਨ ਦਾ ਵਾਅਦਾ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ 'ਚ ਟਰਾਂਸਪੋਰਟ ਸੈਕਟਰ ਲਈ 10 ਤੋਂ 15 ਮੈਂਬਰਾਂ ਦਾ ਇੱਕ ਕਮਿਸ਼ਨ ਬਣਾਇਆ ਜਾਵੇਗਾ, ਜਿਸ ਵਿੱਚ ਸੂਬੇ ਦੀਆਂ ਟਰਾਂਸਪੋਰਟਰ ਯੂਨੀਅਨਾਂ ਦੇ ਨੁਮਾਇੰਦੇ ਸ਼ਾਮਲ ਹੋਣਗੇ। ਇਹ ਕਮਿਸ਼ਨ ਹੀ ਨਵੀਂ ਟਰਾਂਸਪੋਰਟ ਪਾਲਿਸੀ ਬਣਾਏਗਾ ਨਾ ਕਿ ਏ.ਸੀ. ਕਮਰਿਆਂ ਵਿੱਚ ਬੈਠੇ ਅਧਿਕਾਰੀ ਅਤੇ ਮੰਤਰੀ ਬਣਾਉਣਗੇ। 'ਆਪ' ਦੀ ਸਰਕਾਰ ਇਸ ਕਮਿਸ਼ਨ ਦੇ ਫ਼ੈਸਲਿਆਂ ਨੂੰ ਲਾਗੂ ਕਰੇਗੀ ਤਾਂ ਜੋ ਟਰੱਕ ਓਪਰੇਟਰਾਂ ਸਮੇਤ ਇਸ ਕਾਰੋਬਾਰ ਨਾਲ ਜੁੜੇ ਲੋਕਾਂ ਦੀਆਂ ਸਮੇਂ- ਸਮੇਂ ਸਿਰ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਦਾ ਵੀ ਹੱਲ ਹੁੰਦਾ ਰਹੇ।