ਚੰਡੀਗੜ੍ਹ: ਪੰਜਾਬ ਦੀ ਮਾਨ ਸਰਕਾਰ ਇਸ਼ਤਿਹਾਰਾਂ ਨੂੰ ਲੈ ਕੇ ਵਿਰੋਧੀਆਂ ਦੇ ਨਿਸ਼ਾਨੇ ’ਤੇ ਆ ਗਈ ਹੈ। ਵਿਰੋਧੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਮਹੀਨੇ ’ਚ ਤਕਰੀਬਨ 24 ਕਰੋੜ ਰੁਪਏ ਇਸ਼ਤਿਹਾਰਾਂ ’ਤੇ ਖਰਚ ਕਰ ਦਿੱਤੇ ਹਨ। ਨਾਲ ਹੀ ਉਨ੍ਹਾਂ ਵੱਲੋਂ ਆਰਟੀਆਈ ਇਨਫਾਰਮੇਸ਼ਨ ਦਾ ਹਵਾਲਾ ਵੀ ਦਿੱਤਾ ਜਾ ਰਿਹਾ ਹੈ।
ਵਿਰੋਧੀਆਂ ਦਾ ਕਹਿਣਾ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਖਜਾਨੇ ਨੂੰ ਭਰਨ ਦੇ ਦਾਅਵੇ ਕਰ ਸੱਤਾ ਚ ਆਈ ਸੀ ਪਰ ਉਨ੍ਹਾਂ ਵੱਲੋਂ ਹੁਣ ਖਜਾਨੇ ਨੂੰ ਹੋਰ ਵੀ ਜਿਆਦਾ ਖਾਲੀ ਕੀਤਾ ਜਾ ਰਿਹਾ ਹੈ। ਇਸ ਸਬੰਧੀ ਕਈ ਸਿਆਸੀ ਆਗੂਆਂ ਵੱਲੋਂ ਟਵੀਟ ਕੀਤਾ ਗਿਆ ਹੈ ਜਿਸ ’ਚ ਪੰਜਾਬ ਦੀ ਆਮ ਆਦਮੀ ਪਾਰਟੀ ਨੂੰ ਆੜੇ ਹੱਥੀ ਲਿਆ ਹੈ।
ਇਸ ਸਬੰਧੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪ੍ਰਚਾਰ ਦੀ ਆਕਸੀਜਨ 'ਤੇ ਚੱਲ ਰਹੀ ਹੈ। ਹਰ ਰੋਜ਼ ਇਕ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਦੇ ਕੋਲ ਜਿਉਣ ਦੇ ਲਈ ਕੁਝ ਵੀ ਭਰੋਸੇਯੋਗ ਚੀਜ਼ ਨਹੀਂ ਹੈ। ਇਹ ਆਪਣੇ ਆਕਸੀਜਨ ਪੱਧਰ ਨੂੰ ਬਣਾਏ ਰੱਖਣ ਦੇ ਲਈ ਕਰੋੜੋ ਰੁਪਏ ਖਰਚ ਰਹੇ ਹਨ। ਪਹਿਲੇ ਮਹੀਨੇ ’ਚ 24 ਕਰੋੜ ਰੁਪਏ ਖਰਚ ਕੀਤੇ ਗਏ ਨਿਸ਼ਚਿਤ ਤੌਰ ’ਤੇ ਚੰਗੀ ਸਿਹਤ ਦੀ ਨਿਸ਼ਾਨੀ ਨਹੀਂ ਹੈ।