ਚੰਡੀਗੜ੍ਹ: ਪੰਜਾਬ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਦੇ ਚੱਲਦਿਆਂ ਸਿਆਸੀ ਪਾਰਟੀਆਂ ਵਲੋਂ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਜਿਸ ਨੂੰ ਲੈਕੇ ਹਰ ਸਿਆਸੀ ਪਾਰਟੀ ਵਲੋਂ ਆਪਣੇ ਆਪ ਨੂੰ ਲੋਕਾਂ ਦੇ ਮਸੀਹੇ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਇਸ ਦੇ ਚੱਲਦਿਆਂ ਜਿਥੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਲੋਕਾਂ ਲਈ ਵੱਡੇ-ਵੱਡੇ ਐਲਾਨ ਕੀਤੇ ਜਾ ਰਹੇ ਹਨ, ਉਥੇ ਹ ਆਮ ਆਦਮੀ ਪਾਰਟੀ ਵਲੋਂ ਵੀ ਬਿਜਲੀ ਦੀਆਂ ਯੂਨਿਟਾਂ ਨੂੰ ਲੈਕੇ ਸਿਆਸੀ ਪੱਤਾ ਖੇਡਿਆ ਹੈ। ਪਿਛਲੀਆਂ ਚੋਣਾਂ 'ਚ ਜਿਥੇ 'ਆਪ' ਵਲੋਂ ਨਸ਼ੇ ਦੇ ਮੁੱਦੇ ਨੂੰ ਚੁੱਕਿਆ ਗਿਆ ਸੀ, ਉਥੇ ਹੀ ਇਸ ਵਾਰ ਨਸ਼ੇ ਦੇ ਮੁੱਦੇ 'ਤੇ 'ਆਪ' ਭੁੱਲੀ ਬੈਠੀ ਹੈ।
ਕੇਜਰੀਵਾਲ ਦੇ ਮਜੀਠੀਆ ਤੋਂ ਮੁਆਫ਼ੀ ਮੰਗਣ ਤੋਂ ਬਾਅਦ ਭਗਵੰਤ ਮਾਨ ਨੇ ਦਿੱਤਾ ਸੀ ਅਸਤੀਫ਼ਾ
ਵਿਧਾਨ ਸਭਾ ਚੋਣਾਂ 2017 'ਚ ਨਸ਼ੇ ਦੇ ਮੁੱਦੇ ਨੂੰ ਲੈ ਕੇ ਮੈਦਾਨ 'ਚ ਉਤਰੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਮਹਿਜ਼ ਇੱਕ ਸਾਲ ਬਾਅਦ ਹੀ ਬਿਕਰਮ ਮਜੀਠੀਆ ਤੋਂ ਮੁਆਫ਼ੀ ਮੰਗ ਲਈ ਗਈ। ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਸਣੇ ਅਮਨ ਅਰੋੜਾ ਵੱਲੋਂ ਪਾਰਟੀ ਤੋਂ ਅਸਤੀਫ਼ਾ ਵੀ ਦੇ ਦਿੱਤਾ ਗਿਆ। ਇਸ ਦੇ ਨਾਲ ਹੀ ਆਪਣੀ ਫੇਸਬੁੱਕ 'ਤੇ ਪੋਸਟ ਪਾ ਲਿਖਿਆ ਸੀ ਕਿ ਉਹ ਨਸ਼ਾ ਮਾਫੀਆ ਖ਼ਿਲਾਫ਼ ਆਪਣੀ ਲੜਾਈ ਜਾਰੀ ਰੱਖਣਗੇ। ਪਰ ਹੁਣ ਅਰਵਿੰਦ ਕੇਜਰੀਵਾਲ ਵੱਲੋਂ ਦੋ ਹਜਾਰ ਬਾਈ ਦੀਆਂ ਵਿਧਾਨ ਸਭਾ ਚੋਣਾਂ 'ਚ ਬਿਜਲੀ ਦਾ ਮੁੱਦਾ ਚੁੱਕੇ ਜਾਣ ਤੋਂ ਬਾਅਦ ਭਗਵੰਤ ਮਾਨ ਦੀ ਜ਼ੁਬਾਨ ਤੋਂ ਵੀ ਡਰੱਗ ਦਾ ਮੁੱਦਾ ਗਾਇਬ ਹੋ ਚੁੱਕਿਆ ਹੈ।
ਲੋਕ ਇਨਸਾਫ਼ ਪਾਰਟੀ ਨੇ ਆਪ ਨਾਲ ਤੋੜਿਆ ਸੀ ਗੱਠਜੋੜ !