ਚੰਡੀਗੜ੍ਹ:ਆਮ ਆਦਮੀ ਪਾਰਟੀ (Aam Aadmi Party) ਹੈਡਕੁਆਟਰ ਵੱਲੋਂ ਇੱਕ ਬਿਆਨ ਜਾਰੀ ਕਰ ਚਰਨਜੀਤ ਚੰਨੀ ਨੂੰ ਸੂਬੇ ਦਾ ਮੁੱਖ ਮੰਤਰੀ ਬਣਨ ਉੱਪਰ ਵਧਾਈ ਦਿੱਤੀ ਗਈ ਹੈ। 'ਆਪ' ਨੇ ਉਮੀਦ ਕੀਤੀ ਕਿ ਚਰਨਜੀਤ ਸਿੰਘ ਚੰਨੀ ਆਪਣੀ ਚਾਰ-ਪੰਜ ਮਹੀਨਿਆਂ ਦੀ ਪਾਰੀ ਦੌਰਾਨ ਕਾਂਗਰਸ ਵੱਲੋਂ 2017 ਦੀਆਂ ਚੋਣਾਂ ਮੌਕੇ ਕੀਤੇ ਸਾਰੇ ਵਾਅਦੇ ਪੂਰੇ ਕਰਨਗੇ, ਕਿਉਂਕਿ ਲੰਘੇ ਸਾਢੇ ਚਾਰ ਸਾਲਾਂ ਵਿਚ ਸੱਤਾਧਾਰੀ ਕਾਂਗਰਸ ਆਪਣਾ ਇਕ ਵੀ ਵਾਅਦਾ ਪੂਰਾ ਨਹੀਂ ਕਰ ਸਕੀ।
'ਆਪ' ਨੇ ਕਿਹਾ ਕਿ ਕਾਂਗਰਸ ਵਿੱਚ ਪਿਛਲੇ ਸਾਢੇ ਚਾਰ ਸਾਲ ਤੋਂ 'ਕੁਰਸੀ ਖੋਹਣ ਅਤੇ ਕੁਰਸੀ ਬਣਾਉਣ' ਲਈ ਜਾਰੀ ਘਟੀਆ ਦਰਜੇ ਦੀ ਲੜਾਈ ਨੇ ਪੰਜਾਬ ਦੇ ਸਮੁੱਚੇ ਸਰਕਾਰੀ ਤੰਤਰ ਨੂੰ ਮਲੀਆਮੇਟ ਕਰ ਦਿੱਤਾ ਅਤੇ ਲੋਕਾਂ ਨੂੰ ਭਾਰੀ ਕੀਮਤ ਚੁਕਾਉਣੀ ਪਈ ਹੈ। ਆਮ ਆਦਮੀ ਪਾਰਟੀ ਆਸ ਕਰਦੀ ਹੈ ਕਿ ਨਵ-ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਂਗਰਸ ਵੱਲੋਂ ਕੀਤੇ ਸਾਰੇ ਵਾਅਦੇ ਪੂਰੇ ਕਰਨਗੇ।