ਚੰਡੀਗੜ੍ਹ: ਪੰਜਾਬ ਚੋਣਾਂ ਵਿੱਚ ਆਪ ਦੀ ਜਿੱਤ ਲਗਭਗ ਪੱਕੀ ਹੋ ਗਈ ਹੈ। ਆਪ ਦੇ ਸੀਐਮ ਚਿਹਰੇ ਦੇ ਉਮੀਦਵਾਰ ਅਤੇ ਧੂਰੀ ਤੋਂ ਚੋਣ ਲੜ ਰਹੇ ਭਗਵੰਤ ਮਾਨ 50 ਹਜ਼ਾਰ ਤੋਂ ਵੱਧ ਵੋਟਾਂ ਦੀ ਲੀਡ ’ਤੇ ਜਿੱਤੇ ਹਨ। ਆਪ ਦੀ ਪੰਜਾਬ ਵਿੱਚ ਹੋ ਰਹੀ ਜਿੱਤ ਤੋਂ ਬਾਅਦ ਆਪ ਵਰਕਰ ਅਤੇ ਸਮਰਥਕ ਜਿੱਤ ਦੇ ਜਸ਼ਨਾਂ ਵਿੱਚ ਡੁੱਬ ਗਏ ਹਨ।
ਜਿੱਤ ਤੋਂ ਬਾਅਦ ਜਸ਼ਨ
ਜਿੱਤ ਚੱਲਦੇ ਹੀ ਵੱਡੀ ਗਿਣਤੀ ਵਿੱਚ ਆਪ ਵਰਕਰ ਅਤੇ ਸਮਰਥਕ ਭਗਵੰਤ ਮਾਨ ਦੇ ਘਰ ਬਾਹਰ ਇਕੱਠੇ ਹੋ ਰਹੇ ਹਨ। ਭਗਵੰਤ ਮਾਨ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਵਰਕਰਾਂ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ। ਇਸ ਮੌਕੇ ਭਗਵੰਤ ਮਾਨ ਵੱਲੋਂ ਸੰਬੋਧਨ ਕੀਤਾ ਗਿਆ ਹੈ। ਇਸ ਦੌਰਾਨ ਸਟੇਜ ਤੋਂ ਭਗਵੰਤ ਮਾਨ ਅਤੇ ਉਨ੍ਹਾਂ ਦੇ ਮਾਤਾ ਹਰਪਾਲ ਕੌਰ ਭਾਵੁਕ ਹੁੰਦੇ ਵਿਖਾਈ ਦਿੱਤੇ।
ਮਾਨ ਦਾ ਵਿਰੋਧੀਆਂ ’ਤੇ ਹਮਲਾ
ਇਸ ਦੌਰਾਨ ਭਗਵੰਤ ਮਾਨ ਵੱਲੋਂ ਕਾਂਗਰਸ ਅਤੇ ਅਕਾਲੀ ਦਲ ਖਿਲਾਫ਼ ਜੰਮਕੇ ਭੜਾਸ ਕੱਢੀ ਗਈ ਹੈ। ਮਾਨ ਨੇ ਕਿਹਾ ਕਿ ਪਹਿਲਾਂ ਪੰਜਾਬ ਮੋਤੀ ਮਹਿਲਾ, ਸਿਸਵਾਂ ਫਾਰਮ ਹਾਊਸ ਅਤੇ ਵੱਡੀਆਂ-ਵੱਡੀਆਂ ਉੱਚੀਆਂ ਕੰਧਾਂ ਵਾਲੇ ਘਰਾਂ ਵਿੱਚੋਂ ਚੱਲਦਾ ਸੀ ਪਰ ਹੁਣ ਪੰਜਾਬ ਪਿੰਡਾਂ ਵਿੱਚੋਂ, ਵਾਰਡਾਂ , ਮੁਹੱਲਿਆਂ ਅਤੇ ਸ਼ਹਿਰਾਂ ਵਿੱਚੋਂ ਚੱਲੇਗਾ। ਇਸਦੇ ਨਾਲ ਹੀ ਉਨ੍ਹਾਂ ਸਮਰਥਕਾਂ ਨੂੰ ਕਿਹਾ ਕਿ ਪੰਜਾਬ ਤੁਹਾਡਾ ਹੈ।
ਹਾਰੇ ਦਿੱਗਜਾਂ ਦੇ ਮਾਨ ਲਏ ਨਾਮ
ਇਸਦੇ ਨਾਲ ਹੀ ਮਾਨ ਨੇ ਕਿਹਾ ਪੰਜਾਬ ਦੇ ਜਿਹੜੇ ਵੱਡੇ ਚਿਹਰੇ ਹਾਰੇ ਹਨ ਉਨ੍ਹਾਂ ਦੇ ਨਾਮ ਲਏ। ਭਗਵੰਤ ਮਾਨ ਨੇ ਕਿਹਾ ਕਿ ਵੱਡੇ ਬਾਦਲ ਹਾਰੇ, ਸੁਖਬੀਰ ਬਾਦਲ ਜਲਾਲਾਬਾਦ ਤੋਂ ਹਾਰੇ, ਕੈਪਟਨ ਪਟਿਆਲਾ ਤੋਂ ਹਾਰ ਗਏ। ਮਾਨ ਨੇ ਕਿਹਾ ਕਿ ਮਜੀਠੀਆ ਅਤੇ ਨਵਜੋਤ ਸਿੱਧੂ ਵੀ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਤੋਂ ਹਾਰ ਗਏ ਹਨ। ਇਸ ਦੌਰਾਨ ਮਾਨ ਨੇ ਚੰਨੀ ਤੇ ਵਰ੍ਹਦਿਆਂ ਕਿਹਾ ਕਿ ਚੰਨੀ ਦੋਵਾਂ ਹਲਕਿਆਂ ਤੋਂ ਹਾਰ ਗਏ ਹਨ। ਮਾਨ ਨੇ ਕਿਹਾ ਕਿ ਸੱਚੀਆਂ ਨੀਤਾਂ ਨੂੰ ਮੁਰਾਦਾਂ ਹੁੰਦੀਆਂ ਹਨ।
ਇਸ ਮੌਕੇ ਮਾਨ ਵੱਲੋਂ ਆਪਣੇ ਸੀਐਮ ਵਜੋਂ ਸਹੁੰ ਚੁੱਕਣ ਨੂੰ ਲੈਕੇ ਵੀ ਪ੍ਰਤੀਕਰਮ ਦਿੱਤਾ ਗਿਆ ਹੈ। ਮਾਨ ਨੇ ਕਿਹਾ ਕਿ ਉਹ ਰਾਜ ਭਵਨ ਦੀ ਬਜਾਇ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸਹੁੰ ਚੁੱਕਣਗੇ।
ਇਹ ਵੀ ਪੜ੍ਹੋ:ਮੁੱਦਿਆਂ ਤੋਂ ਉੱਪਰ ਉਠ ਕੇ ਬਦਲਾਅ ਦਾ ਫਿਰਿਆ ‘ਝਾੜੂ’