ਚੰਡੀਗੜ੍ਹ:ਪੰਜਾਬ ਸਰਕਾਰ (Government of Punjab) ਦੇ ਵਿੱਚ ਨਵੇਂ ਬਣੇ ਟਰਾਂਸਪੋਰਟ ਮੰਤਰੀ ( Transport Minister) ਲਗਾਤਾਰ ਚਰਚਾ ਦੇ ਵਿੱਚ ਹਨ ਜਦੋਂ ਤੋਂ ਉਨ੍ਹਾਂ ਨੇ ਅਹੁਦਾ ਸੰਭਾਲਿਆ ਹੈ ਉਸ ਸਮੇਂ ਤੋਂ ਲੈਕੇ ਲਗਾਤਾਰ ਟਰਾਂਸਪੋਰਟ ਮਾਫੀਆ (Transport mafia) ਦੇ ਖਿਲਾਫ਼ ਕਾਰਵਾਈਆਂ ਕਰਨ ਦਾ ਦਾਅਵਾ ਕਰ ਰਹੇ। ਇਸਦੇ ਚੱਲਦੇ ਹੀ ਪਿਛਲੇ ਦਿਨ੍ਹਾਂ ਤੋਂ ਰਾਜਾ ਵੜਿੰਗ ਵੱਲੋਂ ਟਰਾਂਸਪੋਰਟ ਮਾਫੀਆ ਦੀਆਂ ਬੱਸਾਂ ਨੂੰ ਜ਼ਬਤ ਕੀਤਾ ਜਾ ਰਿਹਾ ਹੈ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਜ਼ੁਰਮਾਨਾ ਵੀ ਠੋਕਿਆ ਜਾ ਰਿਹਾ ਹੈ। ਇਸਦੇ ਚੱਲਦੇ ਹੀ ਵੜਿੰਗ ਵੱਲੋਂ ਅੰਮ੍ਰਿਤਸਰ ਵਿੱਚ ਵੀ ਅਚਨਚੇਤ ਚੈਕਿੰਗ ਕੀਤੀ ਗਈ ਇਸ ਦੌਰਾਨ ਉਨ੍ਹਾਂ ਨੇ ਬੱਸ ਅੱਡੇ 'ਤੇ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ 'ਤੇ ਸਾਫ ਸਫਾਈ ਦਾ ਧਿਆਨ ਰੱਖਣ ਲਈ ਕਿਹਾ।
ਇਸ ਵਿਚਾਲੇ ਹੀ ਆਮ ਆਦਮੀ ਪਾਰਟੀ (Aam Aadmi Party) ਦੇ ਬੁਲਾਰੇ ਦਿਨੇਸ਼ ਚੱਢਾ ਦੇ ਵੱਲੋਂ ਰਾਜਾ ਵੜਿੰਗ (Raja Waring) ਨੂੰ ਇੱਕ ਪੱਤਰ ਲਿਖਿਆ ਗਿਆ ਹੈ। ਜਿਸ ਵਿੱਚ ਉਨ੍ਹਾਂ ਲਿਖਿਆ ਹੈ ਕਿ ਅਕਾਲੀ ਅਤੇ ਕਾਂਗਰਸ ਰਾਜ ਦੇ ਵਿੱਚ ਟਰਾਂਸਪੋਰਟ ਮਾਫੀਆ ਦੇ ਵੱਲੋਂ ਪੰਜਾਬ ਦੇ ਖਜਾਨੇ ਨੂੰ ਲੁੱਟਿਆ ਗਿਆ ਹੈ। ਇਸਦੇ ਨਾਲ ਹੀ ਉਨ੍ਹਾਂ ਕੁਝ ਤੱਥ ਪੇਸ਼ ਕਰਕੇ ਵੜਿੰਗ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਦਿਨੇਸ਼ ਚੱਢਾ ਨੇ ਪੱਤਰ ਵਿੱਚ ਲਿਖਿਆ ਹੈ ਕਿ ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਬੱਸ ਪਰਮਿਟਾਂ ਦੇ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਦੇ ਪਰਮਿਟਾਂ ਦੀ ਹੱਦ ਨਿਸਚਿਤ ਹੁੰਦੀ ਹੈ ਇਸ ਨੂੰ ਲੈਕੇ ਉਨ੍ਹਾਂ ਵੜਿੰਗ ਨੂੰ ਇੱਕ ਉਦਾਹਰਨ ਦੇ ਕੇ ਵੀ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ।
ਉਨ੍ਹਾਂ ਵੜਿੰਗ ਨੂੰ ਦੱਸਿਆ ਹੈ ਕਿ 1990 ਦੇ ਵਿੱਚ ਸਟੇਟ ਹਾਈਵੇਜ ਉੱਤੇ ਸਰਕਾਰੀ ਅਤੇ ਪ੍ਰਾਈਵੇਟ ਪਰਮਿਟਾਂ ਦਾ ਕੋਟਾ 50-50 ਪ੍ਰਤੀਸ਼ਤ ਸੀ ਪਰ ਉਦੋਂ ਤੋਂ ਲੈਕੇ ਅੱਜ ਤੱਕ ਅਕਾਲੀ ਅਤੇ ਕਾਂਗਰਸ ਦੀ ਮਿਲੀਭੁਗਤ ਨਾਲ ਸਿਆਸੀ ਲੋਕਾਂ ਨੂੰ ਪ੍ਰਾਈਵੇਟ ਕੋਟੇ ਤੋਂ ਵਧਕੇ ਪਰਮਿਟ ਦੇਣ ਲਈ ਅਤੇ ਸਰਕਾਰੀ ਕੋਟੇ ਨੂੰ ਅਸਿੱਧੇ ਤੌਰ ਉੱਪਰ ਖਤਮ ਕਰਨ ਲਈ ਬੱਸਾਂ ਦੇ ਪਰਮਿਟਾਂ ਨੂੰ 5-5 ਗੁਣਾ ਵਧਾ ਦਿੱਤਾ ਗਿਆ।