ਚੰਡੀਗੜ੍ਹ: ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ, ਸਿਹਤ ਪ੍ਰਣਾਲੀ ਵਿੱਚ ਫ਼ੈਲੀਆਂ ਅਸਮਾਨਤਾਵਾਂ ਨੂੰ ਦੂਰ ਕਰਨ ਲਈ ਅਤੇ ਪੰਜਾਬ ਦੇ ਪ੍ਰਾਇਮਰੀ ਹੈਲਥ ਕੇਅਰ ਸਿਸਟਮ ਨੂੰ ਮਜ਼ਬੂਤ ਕਰਨ ਲਈ, ਸੂਬੇ ਭਰ ਵਿੱਚ 15 ਅਗਸਤ ਨੂੰ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਤਾਂ ਜੋ ਹਰ ਕਿਸੇ ਨੂੰ ਮੁਫ਼ਤ ਅਤੇ ਚੰਗਾ ਇਲਾਜ ਮੁਹਈਆ ਕਰਵਾਇਆ ਜਾ ਸਕੇ।
ਮੰਗਲਵਾਰ ਨੂੰ ਪੰਜਾਬ ਭਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਇੱਕ ਹੋਰ ਵੱਡੀ ਚੋਣ ਗਾਰੰਟੀ ਨੂੰ ਪੂਰਾ ਕਰਦਿਆਂ ਅਤੇ ਪੰਜਾਬ ਦੀ ਖਰਾਬ ਸਿਹਤ ਪ੍ਰਣਾਲੀ ਨੂੰ ਸੁਧਾਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ 15 ਅਗਸਤ ਨੂੰ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ 75 'ਆਮ ਆਦਮੀ ਕਲੀਨਿਕ' ਪੰਜਾਬ ਦੀ ਜਨਤਾ ਨੂੰ ਸੁਪੁਰਦ ਕਰੇਗੀ।
ਉਨ੍ਹਾਂ ਕਿਹਾ ਕਿ ਇਸ ਵਿੱਤੀ ਸਾਲ ਦੇ ਅੰਤ ਤੱਕ ਸੂਬੇ ਵਿੱਚ 109 ਮੁਹੱਲਾ ਕਲੀਨਿਕ ਸਥਾਪਿਤ ਕੀਤੇ ਜਾਣਗੇ ਤਾਂ ਜੋ ਸੂਬੇ ਵਿੱਚ ਆਮ ਲੋਕ ਕਿਸੇ ਵੀ ਕਾਰਨਾਂ ਕਰਕੇ ਮੁੱਢਲੀਆਂ ਸਿਹਤ ਸਹੂਲਤਾਂ ਤੋਂ ਵਾਂਝਾ ਨਾ ਰਹਿਣ। ਸਿਹਤ ਮੰਤਰੀ ਅਨੁਸਾਰ, "ਆਮ ਆਦਮੀ ਕਲੀਨਿਕਾਂ ਦੇ ਖੁੱਲਣ ਨਾਲ ਲੋਕਾਂ ਨੂੰ ਹਰ ਤਰ੍ਹਾਂ ਦਾ ਐਮਰਜੈਂਸੀ ਇਲਾਜ ਉਨ੍ਹਾਂ ਦੇ ਘਰਾਂ ਦੇ ਨੇੜੇ ਮਿਲ ਜਾਵੇਗਾ ਅਤੇ ਉਨ੍ਹਾਂ ਨੂੰ ਦੂਰ ਵੱਡੇ ਹਸਪਤਾਲਾਂ ਵਿੱਚ ਸਿਰਫ ਉਦੋਂ ਹੀ ਜਾਣਾ ਪਵੇਗਾ ਜਦੋਂ ਕੋਈ ਵੱਡੀ ਸਰਜਰੀ ਹੋਵੇਗੀ। ਸਿੱਟੇ ਵਜੋਂ ਇਹ ਕਲੀਨਿਕਾਂ ਨਾਲ ਵੱਡੇ ਸਰਕਾਰੀ ਹਸਪਤਾਲਾਂ 'ਤੇ ਬੋਝ ਘਟੇਗਾ।"