ਚੰਡੀਗੜ੍ਹ:ਪਲਾਸਟਿਕ ਦੀ ਵਰਤੋਂ ਖਿਲਾਫ਼ ਪੰਜਾਬ ਸਰਕਾਰ ਦੀ ਜ਼ੀਰੋ ਟਾਲਰੈਂਸ ਦੀ ਵਚਨਬੱਧਤਾ ਤਹਿਤ ਮੁੱਖ ਮੰਤਰੀ ਭਗਵੰਤ ਮਾਨ 5 ਅਗਸਤ ਨੂੰ ਧੂਰੀ ਵਿਖੇ ਰਾਜ ਪੱਧਰੀ ਸਮਾਗਮ ਤਹਿਤ ਸੂਬਾ ਵਾਸੀਆਂ ਨੂੰ ਲਿਫਾਫਿਆਂ ਅਤੇ ਇੱਕ ਵਾਰ ਵਰਤੋਂ ਵਾਲੀ ਪਲਾਸਟਿਕ ਦੀ ਪੂਰਨ ਪਾਬੰਦੀ ਦਾ ਸੱਦਾ ਦੇਣਗੇ। ਇਹ ਜਾਣਕਾਰੀ ਵਾਤਾਵਰਣ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪੰਜਾਬ ਭਵਨ ਵਿਖੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ।
ਮੀਤ ਹੇਅਰ ਨੇ ਦੱਸਿਆ ਕਿ 5 ਅਗਸਤ ਨੂੰ ਮੁੱਖ ਮੰਤਰੀ ਖੁਦ ਸੂਬਾ ਵਾਸੀਆਂ ਨੂੰ ਪਲਾਸਿਟਕ ਮੁਕਤ ਪੰਜਾਬ ਬਣਾਉਣ ਦਾ ਸੱਦਾ ਦੇਣਗੇ। ਇਸ ਸਮਾਗਮ ਲਈ ਸਬੰਧਤ ਧਿਰਾਂ ਨੂੰ ਵੀ ਸੱਦਾ ਪੱਤਰ ਦਿੱਤਾ ਗਿਆ ਹੈ। ਇਸ ਮੌਕੇ ਮੁੱਖ ਮੰਤਰੀ ਸੰਕੇਤਕ ਤੌਰ ਉਤੇ ਧੂਰੀ ਦੇ ਕੁਝ ਵਸਨੀਕਾਂ ਨੂੰ ਪਲਾਸਿਟਕ ਦੀ ਵਰਤੋਂ ਰੋਕਣ ਦੀ ਅਪੀਲ ਕਰਨਗੇ। ਇੱਕੋ ਵੇਲੇ 5 ਅਗਸਤ ਨੂੰ ਬਾਕੀ 22 ਜ਼ਿਲ੍ਹਿਆਂ ਵਿੱਚ ਵੀ ਜ਼ਿਲਾ ਪੱਧਰੀ ਸਮਾਗਮ ਹੋਣਗੇ ਜਿੰਨ੍ਹਾਂ ਵਿੱਚ ਕੈਬਨਿਟ ਮੰਤਰੀ/ਸੰਸਦ ਮੈਂਬਰ/ਵਿਧਾਇਕ ਸਬੰਧਤ ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਅਧਿਕਾਰੀਆਂ ਨਾਲ ਆਮ ਲੋਕਾਂ ਨਾਲ ਗੱਲਬਾਤ ਕਰ ਕੇ ਪਾਲਸਿਟਕ ਉਤੇ ਪਾਬੰਦੀ ਅਤੇ ਇਸ ਦੇ ਮਾੜੇ ਪ੍ਰਭਾਵਾਂ ਤੋਂ ਜਾਣੂੰ ਕਰਵਾਉਣਗੇ।
ਵਾਤਾਵਰਣ ਮੰਤਰੀ ਨੇ ਦੱਸਿਆ ਕਿ ਪਲਾਸਟਿਕ ਮਲਬਾ ਵਾਤਾਵਰਣ ਲਈ ਸਭ ਤੋਂ ਗੰਭੀਰ ਸੰਕਟ ਹੈ। ਹਵਾ ਵਿੱਚ ਇਹ ਸੈਂਕੜੇ ਤੇ ਪਾਣੀ ਵਿੱਚ ਹਜ਼ਾਰਾਂ ਸਾਲ ਹੋਂਦ ਰਹਿੰਦੀ ਹੈ। ਹਰ ਸਾਲ ਦੁਨੀਆ ਵਿੱਚ 360 ਮਿਲੀਅਨ ਟਨ ਪਲਾਸਟਿਕ ਪੈਦਾ ਹੁੰਦੀ ਹੈ। ਭਾਰਤ ਸਰਕਾਰ ਵੱਲੋਂ ਪਹਿਲੀ ਜੁਲਾਈ 2022 ਤੋਂ ਇੱਕ ਵਾਰ ਦੀ ਵਰਤੋਂ ਵਾਲੇ ਪਲਾਸਟਿਕ ਉਤੇ ਪਾਬੰਦੀ ਲਗਾਈ ਗਈ ਹੈ। ਪੰਜਾਬ ਸਰਕਾਰ ਵੱਲੋਂ ਵੀ ਇਹ ਪਾਬੰਦੀ ਲਗਾਈ ਗਈ ਹੈ।