ਚੰਡੀਗੜ੍ਹ: ਸੂਬੇ ਦੇ 16 ਕੋਵਿਡ-19 ਸਕਾਰਾਤਮਕ ਪੁਲਿਸ ਮੁਲਾਜ਼ਮਾਂ ਵਿੱਚੋਂ 8 ਨੂੰ ਐਤਵਾਰ ਨੂੰ ਹਸਪਤਾਲਾਂ ਵਿੱਚੋਂ ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ।
ਕੁਆਰੰਟੀਨ ਕੀਤੇ ਮੁਲਾਜ਼ਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਡੀਜੀਪੀ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ (110) ਅਤੇ ਆਰਮਡ ਪੁਲਿਸ (80) ਦੇ ਮਿਲਾ ਕੇ ਕੁੱਲ 190 ਪੁਲਿਸ ਮੁਲਾਜ਼ਮ ਸੰਕਰਮਿਤ ਵਿਅਕਤੀਆਂ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਫਿਲਹਾਲ ਵਿਭਾਗ ਦੁਆਰਾ ਬਣਾਏ ਗਏ ਜ਼ਿਲ੍ਹਾ ਕੁਆਰੰਟੀਨ ਸੈਂਟਰਾਂ ਵਿੱਚ ਹਨ।
ਇਸ ਤੋਂ ਇਲਾਵਾ 90 ਹੋਰ ਜ਼ਿਲ੍ਹਾ ਪੁਲਿਸ ਮੁਲਾਜ਼ਮ ਅਤੇ 69 ਆਰਮਡ ਪੁਲਿਸ ਮੁਲਾਜ਼ਮ ਹੋਮ ਕੁਆਰੰਟੀਨ ਵਿੱਚ ਹਨ ਅਤੇ ਹੁਣ ਉਨ੍ਹਾਂ ਦੀ ਕੁੱਲ ਗਿਣਤੀ 389 ਹੋ ਗਈ ਹੈ, ਜੋ ਕਿ ਪਹਿਲਾਂ 615 ਸੀ। 266 ਮੁਲਾਜ਼ਮ ਆਪਣੀ ਲਾਜ਼ਮੀ ਕੁਆਰੰਟੀਨ ਦੀ ਮਿਆਦ ਪੂਰੀ ਕਰ ਚੁੱਕੇ ਹਨ।
ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਫਰੰਟਲਾਈਨ ਡਿਊਟੀ 'ਤੇ ਤਾਇਨਾਤ ਜਵਾਨਾਂ ਲਈ ਸੁਰੱਖਿਆ ਅਤੇ ਭਲਾਈ ਦੇ ਉਪਰਾਲੇ ਜਾਰੀ ਹਨ। ਉਨ੍ਹਾਂ ਕਿਹਾ ਕਿ ਪਿਛਲੇ ਇੱਕ ਹਫਤੇ ਵਿੱਚ ਪੁਲਿਸ ਕਰਮੀਆਂ ਲਈ 20 ਜ਼ਿਲ੍ਹਾ ਕੁਆਰੰਟੀਨ ਸੈਂਟਰ ਬਣਾਏ ਗਏ ਹਨ। ਇਸ ਦੇ ਨਾਲ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੁਆਰਾ ਸੂਚਿਤ ਕੀਤੇ ਗਏ ਅਜਿਹੇ ਸੈਂਟਰਾਂ ਦੀ ਕੁੱਲ ਸੰਖਿਆ 78 ਹੋ ਗਈ ਹੈ।