ਚੰਡੀਗੜ੍ਹ: 20 ਫਰਵਰੀ ਨੂੰ ਪੰਜਾਬ ਵਿਧਾਨਸਭਾ ਚੋਣਾਂ 2022 ਦੀਆਂ ਵੋਟਿੰਗ ਹੋਈ ਜਿਸਦੇ ਨਤੀਜੇ 10 ਮਾਰਚ ਨੂੰ ਆਉਣਗੇ। ਦੱਸ ਦਈਏ ਕਿ 20 ਫਰਵਰੀ ਨੂੰ ਪੰਜਾਬ ਵਿੱਚ ਚੋਣਾਂ ਵਾਲੇ ਦਿਨ 71.95 ਫੀਸਦ ਵੋਟਿੰਗ ਦਰਜ ਕੀਤੀ ਗਈ।
'1,54,69,618 ਵੋਟਰਾਂ ਨੇ ਕੀਤੀ ਵੋਟਿੰਗ'
ਵੋਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਚੋਣ ਅਫ਼ਸਰ ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਸੂਬੇ ਭਰ ’ਚ 71.95% ਵੋਟਿੰਗ ਹੋਈ। 2.14 ਕਰੋੜ ਵੋਟਰਾਂ ਚੋ ਕੁੱਲ 1,54,69,618 ਵੋਟਰਾਂ ਨੇ ਸ਼ਾਂਤ ਤਰੀਕੇ ਨਾਲ ਵੋਟਾਂ ਪਾਈਆਂ ਜਿਨ੍ਹਾਂ ਚੋਂ 81,33,930 ਪੁਰਸ਼ ਅਤੇ 73,35,406 ਔਰਤਾਂ ਸੀ ਜਦਕਿ 282 ਟਰਾਂਸਜੈਂਡਰਾ/ਹੋਰ ਵੱਲੋਂ ਵੋਟ ਪਾਈ ਗਈ।
'ਗਿੱਦੜਬਾਹਾ ਸਭ ਤੋਂ ਵੱਧ 84.93 ਫੀਸਦ ਹੋਈ ਵੋਟਿੰਗ'
ਇਸ ਸਬੰਧੀ ਅੰਤਮ ਵੇਰਵਿਆਂ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਸੂਬੇ ਦੇ ਕੁੱਲ 117 ਹਲਕਿਆਂ ਵਿੱਚੋਂ ਗਿੱਦੜਬਾਹਾ ਸਭ ਤੋਂ ਵੱਧ 84.93 ਫੀਸਦ ਪੋਲਿੰਗ ਨਾਲ ਪਹਿਲੇ ਸਥਾਨ ’ਤੇ ਰਿਹਾ, ਜਦਕਿ ਤਲਵੰਡੀ ਸਾਬੋ 83.70 ਫੀਸਦ ਨਾਲ ਦੂਜੇ ਸਥਾਨ ’ਤੇ ਅਤੇ ਸਰਦੂਲਗੜ੍ਹ 83.64% ’ਤੇ ਰਿਹਾ। ਇਸੇ ਤਰ੍ਹਾਂ ਅੰਮ੍ਰਿਤਸਰ ਪੱਛਮੀ ’ਚ 55.40%, ਲੁਧਿਆਣਾ ਦੱਖਣੀ 59.04% ਅਤੇ ਅੰਮ੍ਰਿਤਸਰ ਕੇਂਦਰੀ ’ਚ 59.19% ਹਲਕਿਆਂ ਵਿੱਚ ਸਭ ਤੋਂ ਘੱਟ ਵੋਟਿੰਗ ਫ਼ੀਸਦ ਦਰਜ ਕੀਤੀ ਗਈ। ਉਹਨਾ ਕਿਹਾ ਕਿ ਸਾਰੇ ਜ਼ਿਲ੍ਹਿਆਂ ਦੀਆਂ ਸਕਰੂਟਨੀ ਰਿਪੋਟਾ ਮੁੱਖ ਚੋਣ ਅਧਿਕਾਰੀ ਦੇ ਦਫਤਰ ਵਿਖੇ ਪ੍ਰਾਪਤ ਹੋ ਚੁੱਕੀਆਂ ਹਨ।
'24740 ਪੋਲਿੰਗ ਸਟੇਸ਼ਨਾਂ ਤੋਂ 23 ਟਨ ਕੋਵਿਡ ਵੇਸਟ ਹੋਇਆ ਇੱਕਠਾ'
ਉਨ੍ਹਾਂ ਦੱਸਿਆ ਕਿ ਚੋਣਾਂ ਵਾਲੇ ਦਿਨ ਸੂਬੇ ਵਿੱਚ 24740 ਪੋਲਿੰਗ ਸਟੇਸ਼ਨਾਂ ਤੋਂ 23 ਟਨ ਕੋਵਿਡ ਵੇਸਟ ਜਿਸ ਵਿਚ ਪੀਪਈ ਕਿੱਟਾ, ਫੇਸ ਮਾਸਕ, ਦਸਤਾਨੇ, ਫੇਸ ਸ਼ੀਲਡ ਆਦਿ ਸ਼ਾਮਲ ਹੈ, ਪੈਦਾ ਹੋਇਆ। ਇਹ ਵੇਸਟ ਹਰੇਕ ਜ਼ਿਲੇ ਵਿੱਚ ਪੀਪੀਸੀਬੀ ਵਲੋਂ ਨਿਯੁਕਤ ਜ਼ਿਲਾ ਨੋਡਲ ਅਫਸਰਾਂ ਦੀ ਸਹਾਇਤਾ ਨਾਲ ਬੜੇ ਸੁਚੱਜੇ ਅਤੇ ਵਾਤਾਵਰਣ ਪੱਖੀ ਢੰਗ ਨਾਲ ਇੱਕਠਾ ਕਰਕੇ ਨਸ਼ਟ ਕੀਤਾ ਗਿਆ।
'33 ਐਫਆਈਆਰ ਕੀਤੀਆਂ ਗਈਆ ਦਰਜ'
ਉੱਥੇ ਹੀ ਚੋਣ ਅਧਿਕਾਰੀ ਨੇ ਦੱਸਿਆ ਕਿ ਸੂਬੇ ’ਚ ਚੋਣਾਂ ਦੌਰਾਨ ਕੁਝ ਮਾਮੂਲੀ ਘਟਨਾਵਾਂ ਸਾਹਮਣੇ ਆਈਆ ਸਨ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਪੋਲਿੰਗ ਵਾਲੇ ਦਿਨ ਕੁੱਲ 33 ਐਫਆਈਆਰ ਦਰਜ ਕੀਤੀ ਗਈਆਂ ਹਨ। ਜਿਨ੍ਹਾਂ ’ਚ 10 ਮਾਮੂਲੀ ਝੜਪਾਂ ਨਾਲ ਸਬੰਧਤ, 16 ਮਨਾਹੀ ਦੇ ਹੁਕਮਾਂ ਦੀ ਉਲੰਘਣਾ ਕਰਨ, ਤਿੰਨ ਚੋਣਾਂ ਸਬੰਧੀ ਅਪਰਾਧ, ਤਿੰਨ ਹੋਰ ਮਾਮਲੇ ਅਤੇ ਇੱਕ ਗੋਲੀਬਾਰੀ ਦੀ ਘਟਨਾ ਸ਼ਾਮਲ ਹਨ।
'ਸੁਰੱਖਿਆ ਬਲ 24 ਘੰਟੇ ਸਟਰਾਂਗ ਰੂਮਾਂ ਦੀ ਕਰ ਰਹੇ ਨਿਗਰਾਨੀ'
ਡਾ. ਰਾਜੂ ਨੇ ਦੱਸਿਆ ਕਿ ਐਤਵਾਰ ਸ਼ਾਮ 6 ਵਜੇ ਸ਼ਾਂਤਮਈ ਢੰਗ ਨਾਲ ਵੋਟਾਂ ਪੈਣ ਤੋਂ ਬਾਅਦ ਸਾਰੀਆਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਨੂੰ ਸਬੰਧਤ ਸਟਰਾਂਗ ਰੂਮਾਂ ਵਿੱਚ ਭੇਜ ਦਿੱਤਾ ਗਿਆ। ਭਾਰਤੀ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਮੁਤਾਬਕ 66 ਥਾਵਾਂ ’ਤੇ ਸਾਰੇ 117 ਸਟਰਾਂਗ ਰੂਮਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐਫ), ਹਥਿਆਰਬੰਦ ਪੁਲਿਸ ਅਤੇ ਪੰਜਾਬ ਪੁਲਿਸ ਦੀ ਤੈਨਾਤੀ ਦੇ ਨਾਲ ਤਿੰਨ-ਪੱਧਰੀ ਸੁਰੱਖਿਆ ਉਪਾਅ ਸਥਾਪਤ ਕੀਤੇ ਗਏ ਹਨ। ਉਹਨਾਂ ਕਿਹਾ ਕਿ ਸੁਰੱਖਿਆ ਬਲ 24 ਘੰਟੇ ਸਟਰੌਗ ਰੂਮਾਂ ਦੀ ਸਖਤ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਅਸਲ ਮਤਦਾਨ ਦੌਰਾਨ 65 ਬੈਲਟ ਯੂਨਿਟ, 60 ਕੰਟਰੋਲ ਯੂਨਿਟ ਅਤੇ 738 ਵੀਵੀਪੀਏਟੀ ਦੀ ਬਦਲੀ ਕੀਤੀ ਗਈ।
ਇਹ ਵੀ ਪੜੋ:ਰਾਮ ਰਹੀਮ ਨੂੰ ਖਾਲਿਸਤਾਨੀ ਸਮੱਰਥਕਾ ਤੋਂ ਖਤਰਾ, ਫਰਲੋ ਤੋਂ ਬਾਅਦ ਮਿਲੀ ਜ਼ੈੱਡ ਪਲੱਸ ਸੁਰੱਖਿਆ