ਚੰਡੀਗੜ੍ਹ: ਨਸ਼ਿਆਂ ਦੀ ਸਮੱਗਲਿੰਗ ਰੋਕਣ ਦੇ ਮੁੱਦੇ 'ਤੇ ਵੀਰਵਾਰ ਨੂੰ ਚੰਡੀਗੜ੍ਹ ਦੇ ਤਾਜ ਹੋਟਲ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਬੈਠਕ ਹੋ ਰਹੀ ਹੈ। ਇਸ ਬੈਠਕ ਵਿੱਚ ਪੰਜਾਬ, ਹਰਿਆਣਾ ਅਤੇ ਹਿਮਾਚਲ ਸਣੇ 7 ਸੂਬਿਆਂ ਦੇ ਮੁੱਖ ਮੰਤਰੀ ਸ਼ਾਮਲ ਹਨ।
ਇਸ ਦੌਰਾਨ ਮੁੱਖ ਮੰਤਰੀ ਨੇ ਕੁੱਝ ਸੁਝਾਅ ਦਿੱਤੇ ਹਨ। ਉਨ੍ਹਾਂ ਇਸ ਬੈਠਕ 'ਚ ਇਹ ਪ੍ਰਸਤਾਵ ਰੱਖਿਆ ਹੈ ਕਿ ਨਸ਼ਿਆਂ ਦੇ ਮਾਮਲੇ 'ਤੇ ਫਾਸਟ ਟ੍ਰੈਕ ਕੋਰਟ ਸਥਾਪਤ ਕੀਤੀ ਜਾਣੀ ਚਾਹੀਦੀ ਹੈ। ਅੰਤਰਰਾਜੀ ਸਰਹੱਦਾਂ 'ਤੇ ਸਾਂਝੇ ਆਪਰੇਸ਼ਨ ਦੀ ਲੋੜ ਹੈ। ਉਨ੍ਹਾਂ ਕਿਹਾ ਹੈ ਕਿ ਕੌਮੀ ਡਰੱਗ ਪਾਲਿਸੀ ਲਈ ਕੇਂਦਰ 'ਤੇ ਦਬਾਅ ਪਾਇਆ ਜਾਣਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਟਵੀਟ ਕਰਦਿਆਂ ਨਸ਼ਿਆਂ ਵਿਰੁੱਧ ਇੱਕ ਲੋਗੋ ਦੀ ਫ਼ੋਟੋ ਜਾਰੀ ਕੀਤੀ ਹੈ। ਉਨ੍ਹਾਂ ਲਿਖਿਆ, "ਨਸ਼ਿਆਂ ਵਿਰੁੱਧ ਜੰਗ ਦਾ ਲੋਗੋ ਤੁਹਾਡੇ ਨਾਲ ਸਾਂਝਾ ਕਰਦਿਆਂ ਖੁਸ਼ੀ ਹੋ ਰਹੀ ਹੈ ਜਿਸ ਲਈ ਸਾਰੇ ਉੱਤਰੀ ਸੂਬੇ ਇਕਜੁੱਟ ਹੋਏ ਹਨ। ਇਸ ਲੋਗੋ ਦਾ ਉਪਯੋਗ ਕਰੋ ਅਤੇ ਨਸ਼ਿਆਂ ਵਿਰੁੱਧ ਇਸ ਸਮੂਹਿਕ ਲੜਾਈ ਵਿੱਚ ਸਾਡੇ ਨਾਲ ਸ਼ਾਮਲ ਹੋਵੇ।"
ਦੱਸਣਯੋਗ ਹੈ ਕਿ ਇਸ ਬੈਠਕ ਵਿੱਚ ਸ਼ਾਮਲ ਹੋਣ ਲਈ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਵੀ ਪੰਜਾਬ ਆਏ ਹਨ। ਇਸ ਮੌਕੇ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਪਾਣੀ ਦੀ ਸਮੱਸਿਆ ਨੂੰ ਲੈ ਕੇ ਵੀ ਗੱਲਬਾਤ ਕਰਨਗੇ। ਇਸ ਦੌਰਾਨ ਉਹ ਫ਼ਿਰੋਜ਼ਪੁਰ ਫ਼ੀਡਰ ਦੀ ਰੀਲਾਈਨਿੰਗ ਲਈ ਵੀ ਅਪੀਲ ਕਰਨਗੇ।