ਚੰਡੀਗੜ੍ਹ:ਕੋਰੋਨਾ ਨੂੰ ਲੈਕੇ ਸ਼ੁਰੂ ਕੀਤੀ ਗਈ ਟੀਕਾਕਰਨ ਮੁਹਿੰਮ (Vaccination campaign) ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ (Health Minister Balbir Singh Sidhu) ਨੇ ਦੱਸਿਆ ਕਿ 1 ਜੁਲਾਈ ਦੀ ਦੇਰ ਸ਼ਾਮ ਨੂੰ ਪੰਜਾਬ ਸਰਕਾਰ ਨੇ ਪਹਿਲੀ ਵਾਰ ਕੋਵੀਸ਼ੀਲਡ ਦੀਆਂ 6,84,240 ਵੱਡੀ ਗਿਣਤੀ ਵਿੱਚ ਅਤੇ ਕੋਵੈਕਸੀਨ ਦੀਆਂ 61,100 ਖੁਰਾਕਾਂ ਦੀ ਖੇਪ ਪ੍ਰਾਪਤ ਕੀਤੀ । ਉਨਾਂ ਕਿਹਾ ਕਿ ਟੀਕਾ ਪ੍ਰਾਪਤ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੇ ਇੱਕ ਦਿਨ ਵਿੱਚ ਘੱਟੋ- ਘੱਟ 5 ਲੱਖ ਵਿਅਕਤੀਆਂ ਨੂੰ ਕਵਰ ਕਰਨ ਲਈ ‘ਵਿਆਪਕ ਟੀਕਾਕਰਣ ਮੁਹਿੰਮ’ਦੀ ਰੂਪ ਰੇਖਾ ਤਿਆਰ ਕੀਤੀ ।
ਟੀਕਾਕਰਣ ਦੇ ਜ਼ਿਲ੍ਹਾ ਵਾਰ ਅੰਕੜੇ ਸਾਂਝੇ ਕਰਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਲੁਧਿਆਣਾ 82,667 ਲੋਕਾਂ ਦਾ ਟੀਕਾਕਰਨ ਕਰਵਾਕੇ ਸਾਰੇ ਜ਼ਿਲ੍ਹਿਆਂ ਵਿੱਚ ਮੋਹਰੀ ਰਿਹਾ ਹੈ ਜਦਕਿ 77,930 ਲੋਕਾਂ ਦਾ ਟੀਕਾਕਰਣ ਕਰਵਾਉਣ ਵਾਲਾ ਹੁਸ਼ਿਆਰਪੁਰ ਦੂਜੇ ਸਥਾਨ ’ਤੇ ਅਤੇ 62,000 ਤੋਂ ਵੱਧ ਵਿਅਕਤੀਆਂ ਨੂੰ ਟੀਕਾ ਲਗਾ ਕੇ ਜਲੰਧਰ ਤੀਜੇ ਸਥਾਨ ’ਤੇ ਰਿਹਾ ।
ਕੋਵਿਡ ਦੀ ਅਤਿ-ਸੰਭਾਵੀ ਤੀਜੀ ਮਾਰੂ ਲਹਿਰ ‘ਤੇ ਚਿੰਤਾ ਜ਼ਾਹਰ ਕਰਦਿਆਂ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸੇ ਵੀ ਸੰਕਟਕਾਲੀ ਸਥਿਤੀ ਨਾਲ ਨਜਿੱਠਣ ਲਈ ਤਿਆਰੀਆਂ ਕਰ ਰਹੀ ਹੈ, ਪਰ ਭਾਰਤ ਸਰਕਾਰ ਵਲੋਂ ਟੀਕੇ ਦੀ ਘੱਟ ਤੇ ਅਸਮਾਨ ਸਪਲਾਈ ਨੇ ਟੀਕਾਕਰਣ ਮੁਹਿੰਮ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ।