ਚੰਡੀਗੜ੍ਹ:ਪੰਜਾਬ ਵਿਧਾਨ ਸਭਾ ਚੋਣਾਂ (Punjab assembly election 2022)ਹੋ ਰਹੀਆਂ ਹਨ। ਚੋਣ ਕਮਿਸ਼ਨ ਵੱਲੋਂ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਲਈ ਉਨ੍ਹਾਂ ਦੀ ਨਿਜੀ ਜਾਣਕਾਰੀ ਜਨਤਕ ਕਰਨ ਦੀ ਸ਼ਰਤ ਰੱਖੀ ਹੋਈ ਹੈ। ਇਸ ਵਿੱਚ ਅਪਰਾਧ ਤੋਂ ਲੈ ਕੇ ਜਾਇਦਾਦਾਂ ਤੱਕ ਦਾ ਖੁਲਾਸਾ ਕਰਨਾ ਪੈਂਦਾ ਹੈ ਤੇ ਇਸੇ ਤੋਂ ਜੱਗ ਜਾਹਰ ਹੁੰਦਾ ਹੈ ਕਿ ਆਮ ਲੋਕਾਂ ’ਤੇ ਰਾਜ ਕਰਨ ਵਾਲਿਆਂ ਦੀ ਵਿੱਤੀ ਹਾਲਤ ਕੀ ਹੈ। ਚੋਣ ਕਮਿਸ਼ਨ ਕੋਲ ਪੁੱਜੀ ਜਾਣਕਾਰੀ ਤੋਂ ਖੁਲਾਸਾ ਹੋਇਆ ਹੈ ਕਿ ਇਸ ਵਾਰ 465 ਕਰੋੜਪਤੀ ਚੋਣ ਮੈਦਾਨ ਵਿੱਚ ਉਤਰੇ (465 billionaires in fray) ਹਨ।
10 ਸੁਪਰ ਕਰੋੜਪਤੀ
1.ਕੁਲਵੰਤ ਸਿੰਘ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਨ। ਉਹ ਮੁਹਾਲੀ ਤੋਂ ਚੋਣ ਲੜ ਰਹੇ ਹਨ। ਉਨ੍ਹਾਂ ਨੇ ਚੋਣ ਕਮਿਸ਼ਨ ਨੂੰ 238 ਕਰੋੜ ਰੁਪਏ ਦੀ ਜਾਇਦਾਦ ਹੋਣ ਦੀ ਜਾਣਕਾਰੀ ਦਿੱਤੀ ਹੈ। ਕੁਲਵੰਤ ਸਿਘ ਇਸ ਵੇਲੇ ਪੰਜਾਬ ਵਿੱਚ ਚੋਣ ਲੜ ਰਹੇ 1304 ਉਮੀਦਵਾਰਾਂ ਵਿੱਚੋਂ ਸਭ ਨਾਲੋਂ ਵੱਧ ਅਮੀਰ ਹਨ।
2.ਦੂਜੇ ਵੱਡੇ ਅਮੀਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਨ। ਸੁਖਬੀਰ ਬਾਦਲ ਜਲਾਲਾਬਾਦ ਹਲਕੇ ਤੋਂ ਉਮੀਦਵਾਰ ਹਨ ਤੇ ਉਨ੍ਹਾਂ ਕੋਲ 202 ਕਰੋੜ ਰੁਪਏ ਦੀ ਜਾਇਦਾਦ ਹੈ।
3. ਤੀਜੀ ਵੱਡੀ ਕਰੋੜਪਤੀ ਉਮੀਦਵਾਰ ਕਰਨ ਕੌਰ ਹਨ। ਉਹ ਮੁਕਤਸਰ ਤੋਂ ਚੋਣ ਮੈਦਾਨ ਵਿੱਚ ਨਿਤਰੇ ਹਨ ਤੇ ਚੋਣ ਕਮਿਸ਼ਨ ਕੋਲ ਉਨ੍ਹਾਂ 155 ਕਰੋੜ ਰੁਪਏ ਦੀ ਜਾਇਦਾਦ ਹੋਣ ਦਾ ਖੁਲਾਸਾ ਕੀਤਾ ਹੈ। ਉਹ ਕਾਂਗਰਸ ਪਾਰਟੀ ਵੱਲੋਂ ਚੋਣ ਲੜ ਰਹੇ ਹਨ।
4.ਕਾਂਗਰਸ ਤੋਂ ਹੀ ਕਪੂਰਥਲਾ ਤੋਂ ਚੋਣ ਲੜ ਰਹੇ ਰਾਣਾ ਗੁਰਜੀਤ ਸਿੰਘ ਵੀ ਕਰੋੜਾਂ ਦੇ ਮਾਲਕ ਹਨ। ਉਨ੍ਹਾਂ ਦੀ ਕੁਲ ਜਾਇਦਾਦ 125 ਕਰੋੜ ਦੀ ਹੈ।
5. ਲੋਕ ਇਨਸਾਫ ਪਾਰਟੀ ਦੇ ਰਣਧੀਰ ਸਿੰਘ ਸੀਵੀਆ ਵੀ 111 ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ ਹਨ। ਉਹ ਲੁਧਿਆਣਾ ਉੱਤਰੀ ਤੋਂ ਚੋਣ ਲੜ ਰਹੇ ਹਨ।
6.ਦੂਜੇ ਵੱਡੇ ਅਮੀਰ ਉਮੀਦਵਾਰ ਸੁਖਬੀਰ ਬਾਦਲ ਦੇ ਮੁਕਾਬਲੇ ਵੀ ਕਰੋੜਪਤੀ ਸੁਰਿੰਦਰ ਸਿੰਘ ਚੋਣ ਮੈਦਾਨ ਵਿੱਚ ਹਨ। ਇਹ ਉਮੀਦਵਾਰ 108 ਕਰੋੜ ਦੀ ਜਾਇਦਾਦ ਵਾਲੇ ਸੁਰਿੰਦਰ ਸਿੰਘ ਹਨ ਤੇ ਉਨ੍ਹਾਂ ਨੇ ਆਜਾਦ ਤੌਰ ’ਤੇ ਤਾਲ ਠੋਕੀ ਹੈ।
7.ਆਮ ਆਦਮੀ ਪਾਰਟੀ ਦੇ ਦੂਜੇ ਵੱਡੇ ਅਮੀਰ ਉਮੀਦਵਾਰ ਅਮਨ ਅਰੋੜਾ ਹਨ।ਕਰੋਰਪਤੀ ਉਮੀਦਵਾਰਾਂ ਵਿੱਚ ਉਹ 95 ਕਰੋੜ ਦੀ ਜਾਇਦਾਦ ਨਾਲ ਸੱਤਵੀਂ ਥਾਂ ’ਤੇ ਹਨ।
8.ਬਾਦਲ ਪਰਿਵਾਰ ਦੇ ਜੁਆਈ ਆਦੇਸ਼ ਪ੍ਰਤਾਪ ਸਿੰਘ ਵੀ ਕਿਸੇ ਨਾਲੋਂ ਘੱਟ ਨਹੀਂ ਹਨ। ਉਨ੍ਹਾਂ ਕੋਲ 83 ਕਰੋੜ ਦੀ ਜਾਇਦਾਦ ਹੈ ਤੇ ਪੱਟੀ ਤੋਂ ਚੋਣ ਲੜ ਰਹੇ ਹਨ।
9. ਖਰੜ ਤੋਂ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਗਿੱਲ ਵੀ ਸ਼ਿਖਰਲੇ 10 ਕਰੋੜਪਤੀ ਉਮੀਦਵਾਰਾਂ ਵਿੱਚ ਸ਼ੁਮਾਰ ਹਨ। ਉਨ੍ਹਾਂ ਕੋਲ 74 ਕਰੋੜ ਦੀ ਜਾਇਦਾਦ ਹੈ।
10. ਭਾਜਪਾ ਵੱਲੋਂ ਜਲੰਧਰ ਛਾਉਣੀ ਤੋਂ ਚੋਣ ਲੜ ਰਹੇ ਸਰਬਜੀਤ ਸਿੰਘ ਮੱਕੜ ਦੀ ਜਾਇਦਾਦ 73 ਕਰੋੜ ਰੁਪਏ ਦੀ ਹੈ।
ਪਾਰਟੀਆਂ ਦੇ ਕਰੋੜਪਤੀ ਉਮੀਦਵਾਰ
ਸ਼੍ਰੋਮਣੀ ਅਕਾਲੀ ਦਲ ਕੁਲ 96 ਸੀਟਾਂ ਤੋਂ ਚੋਣ ਲੜ ਰਿਹਾ ਹੈ। ਇਸ ਦੇ 96 ਵਿੱਚੋਂ 89 ਉਮੀਦਵਾਰ ਕਰੋੜਪਤੀ ਹਨ, ਜਿਹੜੇ ਕਿ ਸਾਰੀਆਂ ਪਾਰਟੀਆਂ ਨਾਲੋਂ ਵੱਧ ਫੀਸਦ 93 ਬਣਦਾ ਹੈ। ਕਾਂਗਰਸ ਪਾਰਟੀ ਸਾਰੀਆਂ 117 ਸੀਟਾਂ ਤੋਂ ਚੋਣ ਲੜ ਰਹੀ ਹੈ ਤੇ ਇਸ ਦੇ 92 ਫੀਸਦੀ ਯਾਨੀ 107 ਉਮੀਦਵਾਰ ਕਰੋੜਪਤੀ ਹਨ। ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ 71 ਸੀਟਾਂ ਤੋਂ ਚੋਣ ਲੜ ਰਹੀ ਹੈ ਤੇ ਇਸ ਦੇ 85 ਫੀਸਦੀ ਉਮੀਦਵਾਰ ਯਾਨੀ 71 ਉਮੀਦਵਾਰ ਕਰੋੜਪਤੀ ਹਨ। ਬਸਪਾ ਦੇ 80 ਫੀਸਦੀ ਉਮੀਦਵਾਰ ਕਰੋੜਪਤੀ ਹਨ। ਕੁਲ 20 ਵਿੱਚੋਂ 16 ਉਮੀਦਵਾਰਾਂ ਨੇ ਕਰੋੜਪਤੀ ਹੋਣ ਦਾ ਖੁਲਾਸਾ ਚੋਣ ਕਮਿਸ਼ਨ ਕੋਲ ਕੀਤਾ ਹੈ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਕਰੋੜਾਂ ਵਿੱਚ ਖੇਡਦੇ ਹਨ। ਇਸ ਦੇ ਕੁਲ 117 ਵਿੱਚੋਂ 81 ਉਮੀਦਵਾਰ ਯਾਨੀ 69ਫੀਸਦੀ ਉਮੀਦਵਾਰ ਕਰੋੜਪਤੀ ਹਨ। ਪੰਜਾਬ ਲੋਕ ਕਾਂਗਰਸ ਦੇ 27 ਵਿੱਚੋਂ 16 ਉਮੀਦਵਾਰ ਕਰੋੜਪਤੀ ਹਨ। ਪਾਰਟੀਆਂ ਨੇ ਕਰੋੜਪਤੀਆਂ ਨੂੰ ਟਿਕਟਾਂ ਦਿੱਤੀਆਂ ਹੀ ਹਨ ਪਰ ਕਰੋੜਪਤੀ ਆਪ ਵੀ ਰਾਜਨੀਤੀ ਵਿੱਚ ਆਉਣਾ ਚਾਹੁੰਦੇ ਹਨ। 447 ਕਰੋੜਪਤੀਆਂ ਨੇ ਆਜਾਦ ਤੌਰ ’ਤੇ ਤਾਲ ਠੋਕੀ ਹੈ।
ਇਹ ਵੀ ਪੜ੍ਹੋ:ਚੋਣਾਂ ਨੂੰ ਲੈ ਕੇ ਤਿਆਰੀਆਂ ਮੁਕੰਮਲ, 8 ਵਜੇ ਤੋਂ ਸ਼ੁਰੂ ਹੋਵੇਗੀ ਵੋਟਿੰਗ