ਚੰਡੀਗੜ੍ਹ:ਕੈਪਟਨ ਅਮਰਿੰਦਰ ਸਿੰਘ (Captain Amrinder Singh) ਵਿਰੁੱਧ ਮੁੜ ਲਾਮਬੰਦੀ (Polarisation) ਸ਼ੁਰੂ ਕੀਤੇ ਜਾਣ ਦੀਆਂ ਖਬਰਾਂ ਆ ਰਹੀਆਂ ਹਨ। ਸੂਤਰ ਦੱਸਦੇ ਹਨ ਕਿ 80 ਵਿੱਚੋਂ 40 ਵਿਧਾਇਕਾਂ (40 MLAs) ਵੱਲੋਂ ਮੁੜ ਬਗਾਵਤ ਦਾ ਵਿਗੁਲ ਵਜਾਇਆ ਗਿਆ ਹੈ। ਪੰਜਾਬ ਦੇ 40 ਕਾਂਗਰਸੀ ਵਿਧਾਇਕਾਂ ਵੱਲੋਂ ਪਾਰਟੀ ਦੀ ਕਾਰਜਕਾਰੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਦੇ ਨਾਮ ਇੱਕ ਪੱਤਰ ਭੇਜ ਕੇ ਛੇਤੀ ਹੀ ਵਿਧਾਇਕ ਦਲ ਦੀ ਇੱਕ ਮੀਟਿੰਗ ਬੁਲਾਉਣ ਦੀ ਮੰਗ ਰੱਖਣ ਦੀ ਗੱਲ ਸਾਹਮਣੇ ਆਈ ਹੈ।
ਵਿਧਾਇਕ ਦਲ ਮੀਟਿੰਗ ਦੀ ਰੱਖੀ ਮੰਗ
ਸੂਤਰ ਦੱਸਦੇ ਹਨ ਕਿ ਇਸ ਪੱਤਰ ਰਾਹੀਂ ਮੰਗ ਕੀਤੀ ਗਈ ਹੈ ਕਿ ਇਸ ਮੀਟਿੰਗ ਵਿੱਚ ਹਾਈਕਮਾਂਡ (Congress High command) ਵੱਲੋਂ ਦੋ ਕੇਂਦਰੀ ਆਬਜਰਵਰ ਵੀ ਭੇਜੇ ਜਾਣ। ਪੱਤਰ ਰਾਹੀਂ ਹਾਈਕਮਾਂਡ ਨੂੰ ਕਿਹਾ ਗਿਆ ਹੈ ਕਿ ਵਿਧਾਇਕ ਉਨ੍ਹਾਂ ਸਾਹਮਣੇ ਹੀ ਆਪਣੇ ਵਿਚਾਰ ਰੱਖਣਗੇ। ਜਿਕਰਯੋਗ ਹੈ ਕਿ ਪੰਜਾਬ ਮਾਮਲਿਆਂ ਬਾਰੇ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ (Harish Rawat) ਨੇ ਹੁਣੇ ਸੋਨੀਆ ਗਾਂਧੀ (Sonia Gandhi) ਤੇ ਪ੍ਰਿਅੰਕਾ ਗਾਂਧੀ (Priyanka Gandhi) ਨਾਲ ਮੀਟਿੰਗ ਕੀਤੀ ਹੈ। ਇਸੇ ਮੌਕੇ ਪੰਜਾਬ ਕਾਂਗਰਸ ਵਿੱਚੋਂ ਇਹ ਵਲਵਲਾ ਉਠਣ ਦੀ ਗੱਲ ਸਾਹਮਣੇ ਆਈ ਹੈ। ਇਹ ਤੀਜਾ ਮੌਕਾ ਹੈ, ਜਦੋਂ ਪੰਜਾਬ ਕਾਂਗਰਸ ਦੇ ਵਿਧਾਇਕਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਵੱਡਾ ਹੱਲਾ ਬੋਲਿਆ ਜਾ ਰਿਹਾ ਹੈ।
ਪਹਿਲਾਂ ਲਾਮਬੰਦੀ ਨਾਲ ਸਿੱਧੂ ਨੂੰ ਪੁੱਜਿਆ ਸੀ ਫਾਇਦਾ
ਜਿਕਰਯੋਗ ਹੈ ਕਿ ਕਾਂਗਰਸੀ ਵਿਧਾਇਕਾਂ ਵੱਲੋਂ ਸਭ ਤੋਂ ਪਹਿਲਾਂ ਇੱਕ ਵਾਰ ਲਾਮਬੰਦੀ ਕਰਨ ਦੇ ਨਾਲ ਨਵਜੋਤ ਸਿੰਘ ਸਿੱਧੂ (Navjot Singh Sidhu) ਨੂੰ ਪੰਜਾਬ ਦਾ ਪ੍ਰਧਾਨ ਲਗਾ ਦਿੱਤਾ ਗਿਆ ਸੀ। ਉਸ ਵੇਲੇ ਖੁੱਲ੍ਹੇਆਮ ਮੀਟਿੰਗਾਂ ਕੀਤੀਆਂ ਗਈਆਂ ਸੀ। ਕੈਪਟਨ ਵਿਰੋਧੀ ਧੜੇ ਨੂੰ ਕਾਮਯਾਬੀ ਮਿਲਣ ਨਾਲ ਹੌਸਲੇ ਬੁਲੰਦ ਹੋ ਗਏ ਸੀ। ਇਸ ਉਪਰੰਤ ਇਸ ਧੜੇ ਵੱਲੋਂ ਕੈਪਟਨ ਵਿਰੁੱਧ ਹੋਰ ਮਸਲੇ ਵੀ ਚੁੱਕੇ ਜਾਣ ਲੱਗੇ ਸੀ ਤੇ ਵਿਰੋਧੀ ਧੜੇ ਨੇ ਦੂਜੀ ਵਾਰ ਕੋਸ਼ਿਸ਼ ਨਵਜੋਤ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਵੱਲੋਂ ਕੈਪਟਨ ਦੇ ਬਿਆਨ ‘ਤੇ ਵਿਵਾਦਤ ਪ੍ਰਤੀਕਿਰਿਆ ਦੇਣ ਕਾਰਨ ਉਠੇ ਵਿਵਾਦ ‘ਤੇ ਵਿੱਚੋਂ ਮੌਕਾ ਲੱਭਿਆ।