ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਦੇ ਦੌਰ ਵਿੱਚ ਪੰਜਾਬ ਸਰਕਾਰ ਕਈ ਤਰ੍ਹਾਂ ਦੀਆਂ ਸਹੂਲਤਾਂ ਦੇਣ ਦੇ ਦਾਅਵੇ ਕਰ ਰਹੀ ਹੈ। ਇਸੇ ਦੌਰਾਨ ਇਨ੍ਹਾਂ ਸਹੂਲਤਾਂ ਦੇਣ ਵਿੱਚ ਕਈ ਗੜਬੜੀਆਂ ਵੀ ਸਾਹਮਣੇ ਆਈਆਂ ਹਨ। ਹੁਣ ਪੰਜਾਬ ਸਰਕਾਰ ਨੇ ਕੋਰੋਨਾ ਮਰੀਜ਼ਾਂ ਨੂੰ 50 ਹਜ਼ਾਰ ਕੋਵਿਡ ਕੇਅਰ ਕਿੱਟਾਂ ਮੁਫ਼ਤ ਦੇਣ ਦਾ ਐਲਾਨ ਕੀਤਾ ਹੈ। ਇਨ੍ਹਾਂ ਕਿੱਟਾਂ ਦੀ ਖ਼ਰੀਦ ਵਿੱਚ ਵੀ ਵਿਰੋਧੀ ਧਿਰ ਵੱਲੋਂ ਕਥਿਤ ਗੜਬੜੀ ਦਾ ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਚਿੱਠੀ ਲਿਖ ਕੇ ਇਨ੍ਹਾਂ ਕਿੱਟਾਂ ਦੀ ਖ਼ਰੀਦ ਵਿੱਚ ਕਥਿਤ ਗੜਬੜੀ ਦਾ ਖ਼ਦਸ਼ਾ ਜਤਾਇਆ ਹੈ।
'ਕੋਵਿਡ ਕੇਅਰ ਕਿੱਟਾਂ ਦੀ ਖ਼ਰੀਦ 'ਚ 4 ਕਰੋੜ ਦਾ ਘੁਟਾਲਾ ਹੋਣ ਦਾ ਖ਼ਦਸ਼ਾ' ਅਮਨ ਅਰੋੜਾ ਨੇ ਮੁੱਖ ਮੰਤਰੀ ਨੂੰ ਭੇਜੀ ਚਿੱਠੀ ਵਿੱਚ ਕਿਹਾ ਕਿ ਜੋ 50 ਹਜ਼ਾਰ ਕੋਵਿਡ ਕੇਅਰ ਕਿੱਟਾਂ ਪੰਜਾਬ ਸਰਕਾਰ ਕੋਰੋਨਾ ਪੌਜ਼ੀਟਿਵ ਮਰੀਜ਼ਾਂ ਨੂੰ ਦੇਣ ਜਾ ਰਹੀ ਹੈ, ਉਨ੍ਹਾਂ ਦੀ ਖ਼ਰੀਦ ਵਿੱਚ ਕਥਿਤ ਗੜਬੜੀ ਹੈ। ਅਮਨ ਅਰੋੜਾ ਨੇ ਆਪਣੀ ਚਿੱਠੀ ਰਾਹੀਂ ਮੁੱਖ ਮੰਤਰੀ ਨੂੰ ਇਸ ਗੜਬੜੀ ਬਾਰੇ ਸੂਚੇਤ ਕੀਤਾ ਹੈ।
ਅਮਨ ਅਰੋੜਾ ਨੇ ਆਪਣੀ ਚਿੱਠੀ ਦੀ ਸ਼ੁਰੂਆਤ ਵਿੱਚ ਲਿਖਿਆ ਕਿ ਪੰਜਾਬ ਸਰਕਾਰ ਵੱਲੋਂ ਖ਼ਰੀਦੀਆਂ ਜਾ ਰਹੀਆਂ 50 ਹਜ਼ਾਰ ਕਿੱਟਾਂ ਵਿੱਚ ਇੱਕ ਕਿੱਟ ਦੀ ਕੀਮਤ 1700 ਰੁਪਏ ਦੱਸੀ ਗਈ ਹੈ। ਇਸ ਨਾਲ ਇਨ੍ਹਾਂ 50 ਹਜ਼ਾਰ ਕਿੱਟਾਂ ਦੀ ਕੁੱਲ ਕੀਮਤ 8.50 ਕੋਰੜ ਰੁਪਏ ਬਣ ਜਾਂਦੀ ਹੈ।
ਅਰੋੜਾ ਨੇ ਕਿਹਾ ਕਿ ਇਨ੍ਹਾਂ ਕਿੱਟਾਂ ਵਿੱਚ ਮੌਜੂਦ ਸਮਾਨ ਦੀ ਕੀਮਤ ਬਾਜ਼ਾਰ ਵਿੱਚ ਰਿਟੇਲ ਭਾਅ 'ਤੇ 943 ਰੁਪਏ (ਜੀਐੱਸਟੀ ਸਮੇਤ) ਬਣਦੀ ਹੈ। ਉਨ੍ਹਾਂ ਕਿਹਾ ਕਿ ਇਸ ਹਿਸਾਬ ਨਾਲ ਇਨ੍ਹਾਂ ਕਿੱਟਾਂ ਦੀ ਕੀਮਤ ਬਜ਼ਾਰ ਵਿੱਚ ਰਿਟੇਲ ਭਾਅ ਤੋਂ ਕਿਤੇ ਵੱਧ ਹੈ।
ਅਮਨ ਅੋਰੜਾ ਨੇ ਕਿਹਾ ਕਿ ਇਸ ਹਿਸਾਬ ਨਾਲ ਇਨ੍ਹਾਂ ਕਿੱਟਾਂ ਦੀ ਖ਼ਰੀਦ ਵਿੱਚ 4 ਕਰੋੜ ਦਾ ਘੁਟਾਲਾ ਹੋਣ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਤੰਜ ਕਸਦਿਆਂ ਕਿਹਾ ਕਿ "ਬੇਸ਼ੱਕ ਆਪ ਜੀ ਦੀ ਸਰਕਾਰ ਦੇ ਪੈਮਾਨਿਆਂ ਮੁਤਾਬਕ ਇਹ ਬਹੁਤ ਛੋਟਾ ਹੈ ਪਰ ਕੰਗਾਲੀ 'ਤੇ ਖੜ੍ਹੇ ਪੰਜਾਬ ਲਈ ਇੱਕ-ਇੱਕ ਪੈਸਾ ਵੀ ਸਹਾਈ ਹੈ, ਜਿਸ ਨੂੰ ਬਚਾਉਣ ਲਈ ਆਪਣੀ ਸਭ ਦੀ ਜ਼ਿੰਮੇਵਾਰੀ ਬਣਦੀ ਹੈ। ਇਸੇ ਜ਼ਿੰਮੇਵਾਰੀ ਦੇ ਨਾਲ ਆਪ ਜੀ ਨੂੰ ਅਗਾਊਂ ਹੀ ਸੁਚੇਤ ਕਰਨਾ ਮੇਰਾ ਫਰਜ਼ ਹੈ।" ਅਮਨ ਅਰੋੜਾ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਇਸ ਸਬੰਧੀ ਪੁਖ਼ਤਾ ਅਤੇ ਲੋੜੀਂਦੇ ਕਦਮ ਚੁੱਕੋਗੇ।