ਚੰਡੀਗੜ੍ਹ: ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦਿਆਂ ਚੋਂ ਆਪਣਾ ਇੱਕ ਹੋਰ ਵਾਅਦਾ ਪੂਰਾ ਕਰਨ ਜਾ ਰਹੀ ਹੈ। ਦੱਸ ਦਈਏ ਕਿ ਅੱਜ ਤੋਂ ਪੰਜਾਬ ਦੇ ਲੋਕਾਂ ਨੂੰ ਹਰ ਮਹੀਨੇ ਬਿਜਲੀ ਦੇ 300 ਯੂਨਿਟ ਮੁਫਤ ਮਿਲੇਗੀ। 1 ਜੁਲਾਈ ਯਾਨੀ ਅੱਜ ਤੋਂ ਇਸ ਨੂੰ ਲਾਗੂ ਕਰ ਦਿੱਤਾ ਗਿਆ ਹੈ। ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਟਵੀਟ ਕੀਤਾ ਗਿਆ ਹੈ।
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਟਵੀਟ ਹੋਏ ਜਿੱਥੇ ਪੰਜਾਬੀਆਂ ਨੂੰ ਬਿਜਲੀ ਸਬੰਧੀ ਖੁਸ਼ਖਬਰੀ ਦਿੱਤੀ ਉੱਥੇ ਹੀ ਦੂਜੇ ਪਾਸੇ ਉਨ੍ਹਾਂ ਨੇ ਵਿਰੋਧੀਆਂ ’ਤੇ ਸ਼ਬਦੀ ਹਮਲਾ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਕਿਹਾ ਕਿ ਪਿਛਲੀਆਂ ਸਰਕਾਰਾਂ ਚੋਣਾਂ ਦੌਰਾਨ ਵਾਅਦੇ ਕਰਦੀਆਂ ਸਨ। ਪੂਰੇ ਹੁੰਦਿਆਂ 5 ਸਾਲ ਲੰਘ ਜਾਂਦੇ ਸਨ। ਪਰ ਸਾਡੀ ਸਰਕਾਰ ਪੰਜਾਬ ਦੇ ਇਤਿਹਾਸ ‘ਚ ਨਵੀਂ ਪਿਰਤ ਪਾ ਚੁੱਕੀ ਹੈ। ਅੱਜ ਪੰਜਾਬੀਆਂ ਨਾਲ ਕੀਤੀ ਇੱਕ ਹੋਰ ਗਾਰੰਟੀ ਪੂਰੀ ਕਰਨ ਜਾ ਰਹੇ ਹਾਂ। ਅੱਜ ਤੋਂ ਪੂਰੇ ਪੰਜਾਬ ‘ਚ ਹਰ ਪਰਿਵਾਰ ਨੂੰ ਹਰ ਮਹੀਨੇ ਬਿਜਲੀ ਦੇ 300 ਯੂਨਿਟ ਮੁਫ਼ਤ ਮਿਲਣਗੇ।
ਉੱਥੇ ਹੀ ਦੂਜੇ ਪਾਸੇ ਰਾਜਸਭਾ ਮੈਂਬਰ ਰਾਘਵ ਚੱਢਾ ਨੇ ਟਵੀਟ ਕਰਦੇ ਹੋਏ ਕਿਹਾ ਕਿ ਅੱਜ ਦਾ ਦਿਨ ਇੱਕ ਇਤਿਹਾਸਕ ਦਿਨ ਹੈ ਕਿਉਂਕਿ ਪੰਜਾਬ ਲਾਈਫਲਾਈਨ ਬਿਜਲੀ ਮੁਫਤ ਪ੍ਰਾਪਤ ਕਰਨ ਵਾਲਾ ਦਿੱਲੀ ਤੋਂ ਬਾਅਦ ਦੂਜਾ ਸੂਬਾ ਬਣ ਗਿਆ ਹੈ। ਪੰਜਾਬੀਆਂ ਦੇ ਲਈ ਕੇਜਰੀਵਾਲ ਦੀ ਪਹਿਲੀ ਗਰੰਟੀ ਹਕੀਕਤ ਬਣ ਗਈ ਹੈ।
ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਟਵੀਟ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਵੱਲ ਆਮ ਆਦਮੀ ਪਾਰਟੀ ਦੀ ਪਹਿਲੀ ਗਾਰੰਟੀ ਪੂਰੀ ਕਰ ਦਿੱਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਜੋ ਕਿਹਾ ਗਿਆ ਹੈ ਉਹ ਕਰਾਂਗੇ ਅੱਜ ਤੋਂ ਪੂਰੇ ਪੰਜਾਬ ‘ਚ ਹਰ ਪਰਿਵਾਰ ਨੂੰ ਹਰ ਮਹੀਨੇ ਬਿਜਲੀ ਦੇ 300 ਯੂਨਿਟ ਮੁਫ਼ਤ ਮਿਲਣਗੇ।
ਬਜਟ ਸੈਸ਼ਨ ਚ ਕੀਤਾ ਗਿਆ ਸੀ ਐਲਾਨ: ਦੱਸ ਦਈਏ ਕਿ ਬਜਟ ਸੈਸ਼ਨ ਦੌਰਾਨ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਸੀ ਕਿ ਆਪ ਸਰਕਾਰ ਵੱਲੋਂ 1 ਜੁਲਾਈ ਤੋਂ ਪੰਜਾਬ ਦੇ ਸਾਰੇ ਲੋਕਾਂ ਨੂੰ ਹਰ ਮਹੀਨੇ 300 ਯੂਨਿਟ ਘਰੇਲੂ ਬਿਜਲੀ ਦੀ ਸਪਲਾਈ ਮੁਫਤ ਦਿੱਤੀ ਜਾਵੇਗੀ।
ਪੰਜਾਬ ’ਚ ਕਿੰਨੇ ਹਨ ਬਿਜਲੀ ਖਪਤਕਾਰ:ਹਰੇਕ ਵਰਗ ਦੇ ਖਪਤਕਾਰਾਂ ਦੀ ਕੁੱਲ ਗਿਣਤੀ ਅਤੇ ਬਿਜਲੀ ਸਬਸਿਡੀ ਦੇ ਬਿੱਲ ਬਾਰੇ ਪਹਿਲਾਂ ਹੀ ਡਾਟਾ ਇਕੱਠਾ ਕੀਤਾ ਗਿਆ। ਇੱਕ ਰਿਪੋਰਟ ਅਨੁਸਾਰ ਰਾਜ ਵਿੱਚ 1 ਕਰੋੜ ਬਿਜਲੀ ਖਪਤਕਾਰ ਹਨ, ਜਿਨ੍ਹਾਂ ਵਿੱਚ 73 ਲੱਖ ਘਰੇਲੂ ਖਪਤਕਾਰ, 14 ਲੱਖ ਖੇਤੀਬਾੜੀ ਖਪਤਕਾਰ (ਜਿਨ੍ਹਾਂ ਨੂੰ ਮੁਫ਼ਤ ਬਿਜਲੀ ਸਪਲਾਈ ਮਿਲਦੀ ਹੈ), 11.50 ਲੱਖ ਵਪਾਰਕ ਖਪਤਕਾਰ ਅਤੇ 1.50 ਲੱਖ ਉਦਯੋਗਿਕ ਖਪਤਕਾਰ ਸ਼ਾਮਲ ਹਨ। ਸਰਕਾਰ ਦਾ ਸਾਲਾਨਾ ਬਿਜਲੀ ਸਬਸਿਡੀ ਦਾ ਬਿੱਲ 10,000 ਕਰੋੜ ਰੁਪਏ ਹੈ, ਜਿਸ ਵਿੱਚ ਸਿਰਫ਼ ਕਿਸਾਨਾਂ ਨੂੰ ਬਿਜਲੀ ਸਬਸਿਡੀ ਵਜੋਂ 7,180 ਕਰੋੜ ਰੁਪਏ ਸ਼ਾਮਲ ਹਨ।