ਚੰਡੀਗੜ੍ਹ: ਕੋਵਿਡ-19 ਸੰਕਟ ਦੇ ਮੱਦੇਨਜ਼ਰ ਸੂਬੇ ਦੀਆਂ ਜੇਲ੍ਹਾਂ ਵਿੱਚ ਸੁਰੱਖਿਆ ਵਰਤਣ ਲਈ ਪੰਜਾਬ ਸਰਕਾਰ ਨੇ ਅਹਿਮ ਕਦਮ ਚੁੱਕਿਆ ਹੈ। ਬਰਨਾਲਾ ਤੇ ਪੱਟੀ ਜੇਲ੍ਹ ਨੂੰ ਏਕਾਂਤਵਾਸ ਵਜੋਂ ਵਰਤਿਆ ਜਾਵੇਗਾ। ਇਹ ਜਾਣਕਾਰੀ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀਰਵਾਰ ਨੂੰ ਪ੍ਰੈਸ ਬਿਆਨ ਰਾਹੀਂ ਦਿੱਤੀ।
ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਬਰਨਾਲਾ ਤੇ ਪੱਟੀ ਜੇਲ੍ਹਾਂ ਵਿੱਚ ਬੰਦ 412 ਕੈਦੀਆਂ ਨੂੰ ਸੂਬੇ ਦੀਆਂ ਹੋਰਨਾਂ ਜੇਲ੍ਹਾਂ ਵਿੱਚ ਤਬਦੀਲ ਕਰ ਦਿੱਤਾ ਹੈ। ਕੋਈ ਵੀ ਨਵਾਂ ਕੈਦੀ ਕੁਆਰੰਟੀਨ ਸੈਂਟਰ ਐਲਾਨੀਆਂ ਇਨ੍ਹਾਂ ਦੋਵਾਂ ਜੇਲਾਂ ਵਿੱਚ ਹੀ ਪੂਰੀ ਮੈਡੀਕਲ ਜਾਂਚ ਤੋਂ ਬਾਅਦ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਕਦਮ ਸੂਬੇ ਦੀਆਂ ਜੇਲਾਂ ਨੂੰ ਕੋਰੋਨਾ ਵਾਇਰਸ ਦੇ ਕਿਸੇ ਵੀ ਸੰਭਾਵੀ ਖਤਰੇ ਤੋਂ ਬਚਣ ਲਈ ਅਹਿਤਿਆਤ ਵਜੋਂ ਚੁੱਕਿਆ ਗਿਆ ਹੈ।