ਚੰਡੀਗੜ੍ਹ: ਭਾਰਤ ਸਰਕਾਰ ਦੇ ਵੰਦੇ ਭਾਰਤ ਮਿਸ਼ਨ ਦੇ ਤਹਿਤ ਦੂਜੇ ਦੇਸ਼ਾਂ ਵਿੱਚ ਵਸੇ ਭਾਰਤੀਆਂ ਨੂੰ ਵਾਪਸ ਆਪਣੇ ਦੇਸ਼ ਲਿਆਉਣ ਦੀ ਮੁਹਿੰਮ ਚਲਾਈ ਗਈ ਹੈ। ਇਸ ਦੇ ਤਹਿਤ ਹੀ ਬੁੱਧਵਾਰ ਨੂੰ 177 ਭਾਰਤੀ ਇੰਡੀਗੋ ਏਅਰ ਦੀ ਉਡਾਣ ਰਾਹੀਂ ਕੁਵੈਤ ਤੋਂ ਚੰਡੀਗੜ੍ਹ ਆਏ ਹਨ।
ਇਨ੍ਹਾਂ ਯਾਤਰੀਆਂ ਵਿੱਚੋਂ ਬਹੁਤੇ ਯਾਤਰੀ ਪੰਜਾਬੀ ਹਨ ਤੇ ਬਾਕੀ ਯਾਤਰੀ ਹਰਿਆਣਾ, ਚੰਡੀਗੜ੍ਹ, ਉਤਰਾਖੰਡ, ਹਿਮਾਚਲ ਅਤੇ ਜੰਮੂ ਕਸ਼ਮੀਰ ਦੇ ਵਸਨੀਕ ਹਨ। ਹਵਾਈ ਅੱਡੇ 'ਤੇ ਸਾਰੇ ਯਾਤਰੀਆਂ ਦੀ ਮੈਡੀਕਲ ਜਾਂਚ ਕੀਤੀ ਗਈ ਹੈ। ਇਸ ਤੋਂ ਬਾਅਦ ਹੀ ਇਨ੍ਹਾਂ ਯਾਤਰੀਆਂ ਨੂੰ ਏਅਰਪੋਰਟ 'ਤੇ ਮੌਜੂਦ ਵੱਖ-ਵੱਖ ਰਾਜ ਸਰਕਾਰਾਂ ਦੇ ਨੁਮਾਇੰਦਿਆਂ ਦੇ ਹਵਾਲੇ ਕੀਤਾ ਗਿਆ।
ਇਨ੍ਹਾਂ ਯਾਤਰੀਆਂ ਨੂੰ ਵੱਖ-ਵੱਖ ਰਾਜ ਸਰਕਾਰਾਂ ਦੁਆਰਾ ਬਣਾਏ ਗਏ ਨਿਯਮਾਂ ਤਹਿਤ ਕੁਆਰੰਟੀਨ ਕੀਤਾ ਜਾਵੇਗਾ। ਪੰਜਾਬ ਸਰਕਾਰ ਯਾਤਰੀਆਂ ਨੂੰ ਕੁਆਰੰਟੀਨ ਸੈਂਟਰ ਵਿੱਚ ਕੁਆਰੰਟੀਨ ਕਰ ਰਹੀ ਹੈ ਜਦਕਿ ਹਰਿਆਣਾ ਵਿੱਚ ਵਿਦੇਸ਼ਾਂ ਤੋਂ ਆਉਣ ਵਾਲਿਆਂ ਨੂੰ ਹੋਮ ਕੁਆਰੰਟੀਨ ਕਰਨ ਦੇ ਨਿਰਦੇਸ਼ ਦੇ ਰਹੀ ਹੈ।
ਜ਼ਿਕਰਯੋਗ ਹੈ ਕਿ ਵੰਦੇ ਭਾਰਤ ਮਿਸ਼ਨ ਦਾ ਪਹਿਲਾ ਪੜਾਅ 7 ਮਈ ਨੂੰ ਤੇ ਦੂਜਾ ਪੜਾਅ 16 ਮਈ ਨੂੰ ਸ਼ੁਰੂ ਹੋਇਆ ਤੇ ਤੀਜਾ ਪੜਾਅ 11 ਜੂਨ ਨੂੰ ਸ਼ੁਰੂ ਹੋਇਆ ਤੇ 30 ਜੂਨ ਤੱਕ ਜਾਰੀ ਰਿਹਾ। ਇਸ ਮਿਸ਼ਨ ਦੇ ਤਹਿਤ 1 ਲੱਖ ਤੋਂ ਵੱਧ ਲੋਕਾਂ ਨੂੰ ਵਾਪਸ ਲਿਆਇਆ ਜਾ ਚੁੱਕਿਆ ਹੈ।
ਇਹ ਵੀ ਪੜ੍ਹੋ: ਪਠਾਨਕੋਟ ਅੰਮ੍ਰਿਤਸਰ ਕੌਮੀ ਮਾਰਗ ਦੇ ਪੁੱਲ 'ਤੇ ਲਟਕਦੀ ਮਿਲੀ ਵਿਅਕਤੀ ਦੀ ਲਾਸ਼