ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਤੋਂ ਪੰਜਾਬ ਕਾਂਗਰਸ ਵਿੱਚ ਉਠੇ ਭੂਚਾਲ ਕਾਰਨ ਸ਼ੁਰੂ ਹੋਇਆ ਨਵਾਂ ਵਿਵਾਦ ਖਤਮ ਨਹੀਂ ਹੋਇਆ ਹੈ। ਚੰਨੀ ਦੇ ਸੱਦੇ ਨਵਜੋਤ ਸਿੱਧੂ ਪੰਜਾਬ ਭਵਨ ਵਿਖੇ ਮੀਟਿੰਗ ਕਰਨ ਪੁੱਜੇ। ਕੇਂਦਰੀ ਆਬਜ਼ਰਵਰ ਹਰੀਸ਼ ਚੌਧਰੀ ਦੀ ਮੌਜੂਦਗੀ ਵਿੱਚ ਦੋ ਘੰਟੇ ਤੱਕ ਚੱਲੀ ਮੀਟਿੰਗ ਉਪਰੰਤ ਹਾਲਾਂਕਿ ਕੁਝ ਵਿਧਾਇਕਾਂ ਦਾ ਮੰਨਣਾ ਸੀ ਕਿ ਸਿੱਧੂ ਨੂੰ ਮਨਾ ਲਿਆ ਗਿਆ ਹੈ ਪਰ ਦੂਜੇ ਪਾਸੇ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਨਵਾਂ ਬਿਆਨ ਦੇ ਦਿੱਤਾ ਹੈ ਕਿ ਮਸਲਾ ਸੁਲਝਾਉਣ ਨੂੰ ਇੱਕ ਹਫਤਾ ਲੱਗੇਗਾ। ਉਨ੍ਹਾਂ ਇੱਕ ਬਿਆਨ ਵਿੱਚ ਕਿਹਾ ਹੈ ਕਿ ਉਨ੍ਹਾਂ ਸੋਚਿਆ ਸੀ ਕਿ ਕੈਬਨਿਟ ਬਣਾਉਣ ਦੇ ਨਾਲ ਪੰਜਾਬ ਦਾ ਮਸਲਾ ਹੱਲ ਹੋ ਗਿਆ ਹੈ ਪਰ ਇਸ ਨੂੰ ਸੁਲਝਾਉਣ ਲਈ ਇੱਕ ਹਫਤਾ ਹੋਰ ਲੱਗੇਗਾ ਤੇ ਮਸਲਾ ਸੁਲਝਾਉਣ ਲਈ ਉਹ ਆਪ ਚੰਡੀਗੜ੍ਹ ਆ ਰਹੇ ਹਨ।
ਦੂਜੇ ਪਾਸੇ ਸੂਤਰ ਦੱਸਦੇ ਹਨ ਕਿ ਚਰਨਜੀਤ ਸਿੰਘ ਚੰਨੀ ਨੇ ਮੀਟਿੰਗ ਵਿੱਚ ਸਿੱਧੂ ਨੂੰ ਕੁਝ ਪੇਸ਼ਕਸ਼ ਕੀਤੀ ਹੈ ਪਰ ਇਹ ਪੇਸ਼ਕਸ਼ ਕੀ ਹੈ, ਇਸ ਬਾਰੇ ਅਜੇ ਪੱਤੇ ਨਹੀਂ ਖੁੱਲ੍ਹੇ ਨਹੀਂ ਹਨ। ਸੂਤਰ ਇਹ ਵੀ ਦੱਸਦੇ ਹਨ ਕਿ ਉਨ੍ਹਾਂ ਦ ਪੇਸ਼ਕਸ਼ ਮੰਨਣਾ ਜਾਂ ਨਾ ਮੰਨਣਾ ਹੁਣ ਸਿੱਧੂ ‘ਤੇ ਨਿਰਭਰ ਕਰਦਾ ਹੈ। ਜਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨੂੰ ਮਿਲਣ ਲਈ ਪੰਜਾਬ ਭਵਨ ਪੁੱਜੇ ਸੀ। ਇਥੇ ਦੋਵਾਂ ਦੀ ਮੀਟਿੰਗ ਦੋ ਘੰਟੇ ਚੱਲੀ। ਇਹ ਵੀ ਪਤਾ ਲੱਗਿਆ ਹੈ ਕਿ ਇੱਕ ਦੌਰ ਦੀ ਮੀਟਿੰਗ ਖਤਮ ਹੋਣ ਉਪਰੰਤ ਦੂਜੇ ਦੌਰ ਦੀ ਮੀਟਿੰਗ ਵੀ ਚੱਲੀ। ਇਸ ਦੌਰਾਨ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਨੇ ਦਾਅਵਾ ਕੀਤਾ ਹੈ ਕਿ ਸਿੱਧੂ ਨੂੰ ਮਨਾ ਲਿਆ ਜਾਵੇਗਾ ਤੇ ਉਹ ਕਾਂਗਰਸ ਵਿੱਚ ਹੀ ਰਹਿਣਗੇ।