ਚੰਡੀਗੜ੍ਹ:ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਨਵਜੋਤ ਸਿੱਧੂ ਤੇ ਹੋਰ ਮੰਤਰੀਆਂ ਤੇ ਵਿਧਾਇਕਾਂ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਉਪਰੰਤ ਨਿਚੋੜ ਕੱਢਿਆ ਹੈ ਕਿ ਪੰਜਾਬ ਕਾਂਗਰਸ ਵਿੱਚ ਸਾਰਾ ਕੁਝ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਇਹ ਨਹੀਂ ਕਹਿਂਦੇ ਕਿ ਪੰਜਾਬ ਕਾਂਗਰਸ ਵਿੱਚ ਸਭ ਕੁਝ ਠੀਕ ਚੱਲ ਰਿਹਾ ਹੈ ਪਰ ਇਹ ਸਾਰਾ ਕੁਝ ਠੀਕ ਹੋ ਜਾਏਗਾ।
ਕਾਂਗਰਸ ਦੇ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਹਰੀਸ਼ ਰਾਵਤ ਨਾਲ ਸਿੱਧੂ ਧੜੇ ਦੇ ਬਾਗੀ ਮੰਤਰੀ ਮੁਲਾਕਾਤ ਕਰਨ ਲਈ ਨਹੀਂ ਪੁੱਜੇ। ਹਾਲਾਂਕਿ ਹਰੀਸ਼ ਰਾਵਤ ਨੇ ਕਿਹਾ ਕਿ ਉਨ੍ਹਾਂ ਨੇ ਇੱਕ-ਇੱਕ ਕਰਕੇ ਮੁਲਾਕਾਤ ਕੀਤੀ ਤੇ ਚੰਗਾ ਹੀ ਹੋਇਆ ਕਿ ਉਹ ਇਕੱਠੇ ਮਿਲਣ ਨਹੀਂ ਪਹੁੰਚੇ। ਉਨ੍ਹਾਂ ਕਿਹਾ ਕਿ ਉਹ ਸ਼ੁਕਰ ਮਨਾਉਂਦੇ ਹਨ ਕਿ ਮੰਤਰੀ ਉਨ੍ਹਾਂ ਨੂੰ ਮਿਲਣ ਨਹੀਂ ਪਹੁੰਚੇ, ਨਹੀਂ ਤਾਂ ਉਨ੍ਹਾਂ ਦੀ ਮਿਹਨਤ ‘ਤੇ ਮੀਡੀਆ ਨੇ ਪਾਣੀ ਫੇਰ ਦੇਣਾ ਸੀ।
ਮੰਤਰੀ ਜੇ ਇਕੱਠੇ ਮਿਲਦੇ ਤਾਂ ਬਣਦਾ ਮੁੱਦਾ
ਰਾਵਤ ਨੇ ਕਿਹਾ ਕਿ ਜਿਸ ਤਰੀਕੇ ਨਾਲ ਮੀਡੀਆ ਉਨ੍ਹਾਂ ਮੰਤਰੀਆਂ ਨੂੰ ਬਾਗੀ ਦੇ ਰਹੇ ਹਨ, ਉਹ ਉਨ੍ਹਾਂ ਦੀਆਂ ਨਜਰਾਂ ਵਿੱਚ ਬਾਗੀ ਨਾ ਹੋ ਕੇ ਮੰਤਰੀ ਹਨ ਤੇ ਜੇਕਰ ਉਹ ਇਕੱਠੇ ਪੁੱਜਦੇ ਤਾਂ ਇਸ ਨਾਲ ਮੀਡੀਆ ਮੁੱਦਾ ਬਣਾ ਲੈਂਦਾ ਤੇ ਇਥੇ ਦੌਰੇ ਦੌਰਾਨ ਕੀਤੀ ਮਿਹਨਤ ‘ਤੇ ਪਾਣੀ ਫਿਰ ਜਾਂਦਾ। ਉਨ੍ਹਾਂ ਕਿਹਾ ਕਿ ਕਈ ਰਾਜਨੀਤਕ ਦਲਾਂ ਦੀ ਸਥਿਤੀ ਕਾਫੀ ਖਰਾਬ ਹੈ ਪਰ ਕਾਂਗਰਸ ਅਜਿਹੀ ਪਾਰਟੀ ਹੈ, ਜਿਸ ਵਿੱਚ ਮੁੱਦੇ ਚੁੱਕੇ ਜਾਂਦੇ ਹਨ ਤੇ ਉਸ ਦਾ ਹੱਲ ਵੀ ਕੱਢਿਆ ਜਾਂਦਾ ਹੈ। ਜਿਕਰਯੋਗ ਹੈ ਕਿ ਰਾਵਤ ਇਥੇ ਤਿੰਨ ਦਿਨਾਂ ਦੌਰੇ ‘ਤੇ ਸੀ ਤੇ ਅੱਜ ਉਤਰਾਖੰਡ ਵਿਖੇ ਪਾਰਟੀ ਦੇ ਕੰਮ ਜਾਣ ਕਾਰਨ ਉਹ ਵਾਪਸ ਦੇਹਰਾਦੂਨ ਪਰਤ ਗਏ ਹਨ।