ਚੰਡੀਗੜ੍ਹ:ਪੰਜਾਬ ਹਰਿਆਣਾ ਹਾਈਕੋਰਟ ਦੀ ਮੌਜੂਦਾ ਚੀਫ਼ ਜਸਟਿਸ ਰਵੀ ਸ਼ੰਕਰ ਝਾਅ (Ravi Shankar Jha) ਦੇ ਘਰ ਦੇ ਬਾਹਰ ਲੱਗੇ ਸੀਸੀਟੀਵੀ (CCTV) ਕੈਮਰਿਆਂ ਤੇ ਉਨ੍ਹਾਂ ਦੇ ਨਜਦੀਕ ਰਹਿ ਰਹੇ ਸਾਬਕਾ ਚੀਫ ਜਸਟਿਸ ਐਨ ਕੇ ਸੋਢੀ ਨੇ ਇਤਰਾਜ਼ ਜਤਾਇਆ ਹੈ। ਜਸਟਿਸ ਸੋਢੀ ਨੇ ਇਸ ਸੰਬੰਧ ਵਿਚ ਹਾਈ ਕੋਰਟ ਵਿੱਚ ਪਟੀਸ਼ਨ ਦਾਖ਼ਲ ਕਰ ਕਿਹਾ ਕਿ ਸੀਸੀਟੀਵੀ ਕੈਮਰੇ ਲਗਾ ਕੇ ਉਨ੍ਹਾਂ ਦੀ ਪ੍ਰਾਇਵਿਸੀ ਵਿੱਚ ਦਖ਼ਲਅੰਦਾਜ਼ੀ ਕੀਤੀ ਜਾ ਰਹੀ ਹੈ।
ਚੰਡੀਗੜ੍ਹ ਦੇ ਡੀਜੀਪੀ ਆਫਿਸ ਵੱਲੋਂ ਕੋਰਟ ਵਿਚ ਕਿਹਾ ਗਿਆ ਕਿ ਕੈਮਰੇ ਦੀ ਰੇਂਜ ਜ਼ਿਆਦਾ ਨਹੀਂ ਹੈ ਜਿਸ ਕਰਕੇ ਕਿਸੇ ਦੀ ਪ੍ਰਾਈਵੇਸੀ ਵਿਚ ਦਖਲਅੰਦਾਜ਼ੀ ਨਹੀਂ ਕੀਤੀ ਜਾ ਰਹੀ ਹੈ। ਇਸ ‘ਤੇ ਜਸਟਿਸ ਜਸਵੰਤ ਸਿੰਘ ਅਤੇ ਜਸਟਿਸ ਸੰਤ ਪ੍ਰਕਾਸ਼ ਦੀ ਡਿਵੀਜ਼ਨ ਬੈਂਚ ਨੇ ਪਟੀਸ਼ਨ ਦਾ ਨਿਪਟਾਰਾ ਕੀਤਾ ਹੈ।
ਜਸਟਿਸ ਸੋਢੀ ਨੇ ਪਟੀਸ਼ਨ ਦਾਖ਼ਲ ਕਰ ਕਿਹਾ ਕਿ ਸੈਕਟਰ 4 ਵਿੱਚ ਚੀਫ ਜਸਟਿਸ ਦੇ ਘਰ ਦੇ ਬਾਹਰ ਸੀਸੀਟੀਵੀ ਕੈਮਰੇ ਆਉਣ ਜਾਣ ਵਾਲੇ ਲੋਕਾਂ ਦੀ ਨਿਗਰਾਨੀ ਦੇ ਲਈ ਲਗਾਏ ਗਏ ਨੇ। ਉਨ੍ਹਾਂ ਦਾ ਘਰ ਚੀਫ਼ ਜਸਟਿਸ ਦੇ ਨਜਦੀਕ ਹੈੈ ਜਿਸ ਕਰਕੇ ਸੀਸੀਟੀਵੀ ਕੈਮਰਿਆਂ ਕਾਰਨ ਉਨ੍ਹਾਂ ਦੀ ਪ੍ਰਾਈਵੇਸੀ ਵਿੱਚ ਦਖ਼ਲਅੰਦਾਜ਼ੀ ਹੋ ਰਹੀ ਹੈ। ਉਨ੍ਹਾਂ ਦੇ ਘਰ ਆਉਣ ਜਾਣ ਵਾਲਿਆਂ ਦਾ ਬਿਓਰਾ ਵੀ ਕੈਮਰੇ ਵਿਚ ਰਿਕਾਰਡ ਹੋ ਰਿਹਾ ਹੈ।
ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਜੇਕਰ ਸੀਸੀਟੀਵੀ ਕੈਮਰਾ ਸੁਰੱਖਿਆ ਤਹਿਤ ਲਗਾਏ ਗਏ ਹਨ ਤਾਂ ਹਾਈ ਕੋਰਟ ਦੇ ਦੂਜੇ ਜੱਜਾਂ ਦੇ ਘਰ ਦੇ ਬਾਹਰ ਇਨ੍ਹਾਂ ਨੂੰ ਕਿਉਂ ਨਹੀਂ ਲਗਾਇਆ ਗਿਆ। ਸੀਸੀਟੀਵੀ ਕੈਮਰੇ ਲੱਗਣ ਵਾਲੀ ਜਗ੍ਹਾ ਨੋਟਿਸ ਡਿਸਪਲੇਅ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਸਾਰੇ ਲੋਕਾਂ ਨੂੰ ਸਹੀ ਜਾਣਕਾਰੀ ਮਿਲ ਸਕੇ।
ਇਹ ਵੀ ਪੜ੍ਹੋ:ਕਿਸਾਨੀ ਅੰਦੋਲਨ ਦੇ ਹੱਲ ਲਈ ਬਾਜਵਾ ਦੀ ਵੈਂਕਿਆ ਨਾਇਡੂ ਨੂੰ ਚਿੱਠੀ