ਚੰਡੀਗੜ੍ਹ: ਸਮਾਜ ਵਿੱਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦੇ ਇਰਾਦੇ ਨਾਲ ਪੰਜਾਬ ਵਿਜੀਲੈਂਸ ਬਿਊਰੋ ਨੇ ਪਿਛਲੇ ਸਾਲ ਦੌਰਾਨ 77 ਮਾਮਲਿਆਂ ਵਿੱਚ ਰਿਸ਼ਵਤ ਲੈਂਦੇ ਹੋਏ 92 ਅਧਿਕਾਰੀਆਂ/ਕਰਮਚਾਰੀਆਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਸੀ। ਇਨ੍ਹਾਂ ਵਿੱਚ 7 ਗਜ਼ਟਿਡ ਅਧਿਕਾਰੀਆਂ ਅਤੇ 85 ਨਾਨ-ਗਜ਼ਟਿਡ ਕਰਮਚਾਰੀਆਂ ਤੋਂ ਇਲਾਵਾ 14 ਪ੍ਰਾਈਵੇਟ ਵਿਅਕਤੀਆਂ ਸ਼ਾਮਲ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਚੀਫ਼ ਡਾਇਰੈਕਟਰ-ਕਮ-ਡੀਜੀਪੀ ਬੀਕੇ ਉੱਪਲ ਨੇ ਕਿਹਾ ਕਿ ਬਿਊਰੋ ਨੇ ਰਿਸ਼ਵਤ ਲੈਣ ਵਾਲਿਆਂ ਨੂੰ ਨੱਥ ਪਾਉਣ ਅਤੇ ਇਸ ਸਮਾਜਿਕ ਬੁਰਾਈ ਨੂੰ ਠੱਲ੍ਹ ਪਾਉਣ ਲਈ ਦ੍ਰਿੜਤਾ ਨਾਲ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਇਕ ਬਹੁਪੱਖੀ ਪਹੁੰਚ ਅਪਣਾਈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਦੌਰਾਨ 1 ਜਨਵਰੀ ਤੋਂ 31 ਦਸੰਬਰ, 2020 ਤੱਕ ਟਰੈਪ ਲਗਾ ਕੇ ਹੋਰਨਾਂ ਵਿਭਾਗਾਂ ਤੋਂ ਇਲਾਵਾ ਪੰਜਾਬ ਪੁਲਿਸ ਦੇ 38, ਮਾਲ ਵਿਭਾਗ ਦੇ 24, ਸਥਾਨਕ ਸਰਕਾਰਾਂ ਦੇ 5, ਸਿਹਤ ਅਤੇ ਬਿਜਲੀ ਵਿਭਾਗ ਦੇ 3-3 ਕਰਮਚਾਰੀਆਂ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ।
ਬਿਊਰੋ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੰਦਿਆਂ ਉੱਪਲ ਨੇ ਕਿਹਾ ਕਿ ਵਿਜੀਲੈਂਸ ਨੇ 192 ਮੁਲਜ਼ਮਾਂ ਖ਼ਿਲਾਫ਼ 59 ਅਪਰਾਧਿਕ ਮਾਮਲੇ ਦਰਜ ਕੀਤੇ। ਇਨ੍ਹਾਂ ਵਿੱਚ 27 ਗਜ਼ਟਿਡ ਅਧਿਕਾਰੀ, 67 ਨਾਨ-ਗਜ਼ਟਿਡ ਕਰਮਚਾਰੀ ਅਤੇ 98 ਪ੍ਰਾਈਵੇਟ ਵਿਅਕਤੀ ਸ਼ਾਮਲ ਹਨ। ਇਸਤੋਂ ਇਲਾਵਾ 9 ਗਜ਼ਟਿਡ ਅਧਿਕਾਰੀ, 24 ਨਾਨ-ਗਜ਼ਟਿਡ ਕਰਮਚਾਰੀ ਅਤੇ 5 ਪ੍ਰਾਈਵੇਟ ਵਿਅਕਤੀਆਂ ਖ਼ਿਲਾਫ਼ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਦੀ ਜਾਂਚ ਲਈ 42 ਵਿਜੀਲੈਂਸ ਜਾਂਚਾਂ ਵੀ ਦਰਜ ਕੀਤੀਆਂ ਗਈਆਂ। ਇਸ ਤੋਂ ਇਲਾਵਾ, 2 ਗਜ਼ਟਿਡ ਅਧਿਕਾਰੀਆਂ ਅਤੇ 2 ਨਾਲ ਗਜ਼ਟਿਡ ਕਰਮਚਾਰੀਆਂ ਵਿਰੁੱਧ ਨਾਜਾਇਜ਼ ਜਾਇਦਾਦ ਸਬੰਧੀ 4 ਮਾਮਲੇ ਵੀ ਦਰਜ ਕੀਤੇ ਗਏ। ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਦੀ ਨੀਤੀ ਅਪਣਾਉਂਦਿਆਂ 11 ਨਾਨ-ਗਜ਼ਟਿਡ ਕਰਮਚਾਰੀਆਂ ਨੂੰ ਵੱਖ-ਵੱਖ ਅਦਾਲਤਾਂ ਵਿੱਚੋਂ ਦੋਸ਼ੀ ਠਹਿਰਾਉਣ ਕਾਰਨ ਉਨ੍ਹਾਂ ਦੇ ਸਬੰਧਤ ਪ੍ਰਸ਼ਾਸਕੀ ਵਿਭਾਗਾਂ ਨੇ ਉਨ੍ਹਾਂ ਨੂੰ ਸੇਵਾ ਤੋਂ ਮੁਅੱਤਲ ਕਰ ਦਿੱਤਾ ਗਿਆ।