ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਹਿਲਕਦਮੀ ਮਿਸ਼ਨ ਫ਼ਤਿਹ 2.0 ਦੇ ਪਹਿਲੇ ਅੱਠ ਦਿਨਾਂ ਦੌਰਾਨ, ਆਸ਼ਾ ਵਰਕਰਾਂ ਵੱਲੋਂ 1.95 ਕਰੋੜ ਦੀ ਆਬਾਦੀ ਵਾਲੇ ਕੁੱਲ 51.6 ਲੱਖ ਘਰਾਂ ਦਾ ਸਰਵੇਖਣ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਲੋਕਾਂ ਨੇ ਸਿਹਤ ਵਿਭਾਗ ‘ਤੇ ਭਰੋਸਾ ਜਤਾਇਆ ਹੈ।
ਉਨ੍ਹਾਂ ਦੱਸਿਆ ਕਿ ਕੋਵਿਡ -19 ਦੇ ਸ਼ੁਰੂਆਤੀ ਪੜਾਅ ਦੌਰਾਨ ਇਲਾਜ ਕਰਵਾਉਣ ਲਈ ਅਤੇ ਟੈਸਟ ਕਰਵਾਉਣ ਲਈ ਅੱਗੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸਕ੍ਰੀਨਿੰਗ ਡਰਾਈਵ ਤਹਿਤ ਕੋਵਿਡ-19 ਲਈ ਕੁੱਲ 1,37,281 ਵਿਅਕਤੀਆਂ ਦਾ ਟੈਸਟ ਲਿਆ ਗਿਆ ਹੈ, ਜਿਨ੍ਹਾਂ ਵਿੱਚੋਂ 4654 ਦਾ ਟੈਸਟ ਪੌਜ਼ੀਟਿਵ ਪਾਇਆ ਗਿਆ ਹੈ। ਘਰੇਲੂ ਇਕਾਂਤਵਾਸ ਵਾਲੇ ਸਾਰੇ 4095 ਮਰੀਜ਼ਾਂ ਨੂੰ ਮਿਸ਼ਨ ਫ਼ਤਿਹ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ ਹਨ, ਜਦਕਿ 559 ਮਰੀਜ਼ਾਂ ਨੂੰ ਐਲ 2 / ਐਲ 3 ਦੀ ਸਹੂਲਤ ਦਿੱਤੀ ਗਈ ਹੈ।