ਚੰਡੀਗੜ੍ਹ:ਪੰਜਾਬ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਡਾ. ਰਾਜ ਕੁਮਰ ਵੇਰਕਾ ਨੇ ਦੱਸਿਆ ਕਿ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਦੇ ਹੇਠ ਹੁਣ ਤੱਕ 1.50 ਲੱਖ ਵਿਦਿਆਰਥੀਆਂ ਨੂੰ ‘ਫਰੀਸ਼ਿਪ ਕਾਰਡ’ ਜਾਰੀ ਕਰ ਦਿੱਤੇ ਗਏ ਹਨ ਅਤੇ ਇਸ ਸਕੀਮ ਦੇ ਹੇਠ ਅੱਗੇ ਹੋਰ ਵਿਦਿਆਰਥੀਆਂ ਦੇ ਅਪਲਾਈ ਕਰਨ ਵਾਸਤੇ ਪੋਰਟਲ ਖੁੱਲ੍ਹਾ ਰੱਖਿਆ ਜਾ ਰਿਹਾ ਹੈ।
ਡਾ. ਵੇਰਕਾ ਨੇ ਦੱਸਿਆ ਕਿ ਐਸ.ਸੀ. ਵਿਦਿਆਰਥੀਆਂ ਦੀਆਂ ਦਾਖਲੇ ਸਬੰਧੀ ਮੁਸ਼ਕਲਾਂ ਨੂੰ ਦੂਰ ਕਰਨ ਲਈ ‘ਫਰੀਸ਼ਿਪ ਕਾਰਡ’ ਸਕੀਮ ਸ਼ੁਰੂ ਕੀਤੀ ਗਈ ਹੈ। ਇਸ ਸਕੀਮ ਦੇ ਹੇਠ ਵਿਦਿਆਰਥੀਆਂ ਦੇ ਕਾਰਡ ਬਣਨ ਪਿੱਛੋਂ ਉਹ ਪੋਸਟ ਮੈਟਰਿਕ ਸਕਾਲਰਸ਼ਿਪ ਹੇਠ ਕਿਸੇ ਵੀ ਵਿਦਿਅਕ ਅਦਾਰੇ ਵਿੱਚ ਦਾਖਲੇ ਲਈ ਯੋਗ ਹੋ ਜਾਂਦੇ ਹਨ। ਇਸ ਤੋਂ ਪਹਿਲਾਂ ਪੋਸਟ ਮੈਟਰਿਕ ਸਕਾਲਰਸ਼ਿਪ ਦੇ ਹੇਠ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਦਾਖਲੇ ਲਈ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਪੇਸ਼ ਆਉਦੀਆਂ ਸਨ। ਡਾ. ਵੇਰਕਾ ਅਨੁਸਾਰ ਇਸ ਵਿਲੱਖਣ ਸਕੀਮ ਦੇ ਨਾਲ ਵਿਦਿਆਰਥੀਆਂ ਨੂੰ ਦਰਪੇਸ਼ ਔਕੜਾਂ ਦਾ ਕਾਫੀ ਹੱਦ ਤੱਕ ਨਿਪਟਾਰਾ ਹੋ ਗਿਆ ਹੈ।