ਬਠਿੰਡਾ: ਸੂਬੇ ਭਰ ’ਚ ਇੱਕ ਪਾਸੇ ਜਿੱਥੇ ਕਣਕ ਦੀ ਵਾਢੀ ਦਾ ਸੀਜ਼ਨ ਚਲ ਰਿਹਾ ਹੈ ਉੱਥੇ ਹੀ ਕਣਕ ਦੀ ਝਾੜ ਘੱਟ ਹੋਣ ਕਾਰਨ ਕਈ ਕਿਸਾਨ ਪਰੇਸ਼ਾਨ ਹਨ। ਇਸੇ ਤਰ੍ਹਾਂ ਦਾ ਮਾਮਲਾ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਾਈਸਰਖਾਨਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਣਕ ਦਾ ਝਾੜ ਘੱਟ ਹੋਣ ਕਾਰਨ ਇੱਕ ਨੌਜਵਾਨ ਜਸਪਾਲ ਸਿੰਘ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ।
ਟ੍ਰੇਨ ਥੱਲੇ ਆ ਕੇ ਕਿਸਾਨ ਨੇ ਕੀਤੀ ਖੁਦਕੁਸ਼ੀ: ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਕਿਸਾਨ ਜਸਪਾਲ ਸਿੰਘ ਦਾ ਕਣਕ ਦਾ ਝਾੜ ਘੱਟ ਹੋਇਆ ਸੀ ਜਿਸ ਕਾਰਨ ਉਸ ਨੇ ਟ੍ਰੇਨ ਥੱਲੇ ਆ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਆਪਣੇ ਪਿੱਛੇ ਮਾਂ ਪਿਓ, ਪਤਨੀ ਅਤੇ ਬੱਚੇ ਛੱਡ ਗਿਆ ਹੈ।
9 ਲੱਖ ਰੁਪਏ ਤੱਕ ਦਾ ਸੀ ਕਰਜ਼ਾ: ਇਸ ਸਬੰਧ ’ਚ ਕਿਸਾਨ ਆਗੂ ਹਰਜਿੰਦਰ ਸਿੰਘ ਬੰਗੀ ਨੇ ਕਿਹਾ ਕਿ ਖੇਤੀ ਪ੍ਰਤੀ ਗਲਤ ਨੀਤੀਆ ਦੇ ਕਾਰਨ ਕਿਸਾਨ ਖੁਦਕੁਸ਼ੀਆਂ ਵੱਲ ਤੁਰ ਰਹੇ ਹਨ। ਉਨ੍ਹਾਂ ਦੱਸਿਆ ਕਿ ਮ੍ਰਿਤਕ ਕਿਸਾਨ ’ਤੇ ਲਗਭਗ 9 ਲੱਖ ਰੁਪਏ ਤੱਕ ਦਾ ਕਰਜਾ ਸੀ ਜਿਸ ਕਾਰਨ ਕਿਸਾਨ ਪਰੇਸ਼ਾਨ ਸੀ। ਜਿਸ ਕਾਰਨ ਉਸਨੇ ਇਹ ਕਦਮ ਚੁੱਕਿਆ।