ਬਠਿੰਡਾ: ਮਾਨ ਸਰਕਾਰ ਦੇ ਕੈਬਨਿਟ ਮੰਤਰੀਆਂ ਵੱਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਵਿਵਾਦਾਂ ਵਿੱਚ ਰਹਿੰਦੀਆਂ ਹਨ। ਅੱਜ ਬਠਿੰਡਾ ਵਿਖੇ ਪਹੁੰਚੇ ਬਾਗਬਾਨੀ ਮੰਤਰੀ ਫੌਜਾ ਸਿੰਘ ਸਲਾਰੀਆ ਵੱਲੋਂ ਆਪਣੀ ਸਰਕਾਰ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਬੀਤੇ ਦਿਨੀਂ ਵਾਈਸ ਚਾਂਸਲਰ ਰਾਜ ਬਹਾਦਰ ਬਾਬਾ ਫਰੀਦ ਯੂਨੀਵਰਸਿਟੀ ਨਾਲ ਕੀਤੇ ਗਏ ਵਿਵਹਾਰ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਰਾਜਨੇਤਾ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ।
ਉਨ੍ਹਾਂ ਕਿਹਾ ਕਿ ਅਫ਼ਸਰਸ਼ਾਹੀ ਨੂੰ ਕਿਸੇ ਵੀ ਤਰੀਕੇ ਨਾਲ ਦਬਾਅ ਵਿੱਚ ਨਹੀਂ ਰੱਖਣਾ ਚਾਹੀਦਾ। ਦੱਸ ਦੇਈਏ ਕਿ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸ਼ੁੱਕਰਵਾਰ ਨੂੰ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦਾ ਨਿਰੀਖਣ ਕੀਤਾ ਸੀ। ਇਸ ਦੌਰਾਨ ਚਮੜੀ ਵਾਰਡ ਦੇ ਫਟੇ ਅਤੇ ਗੰਦੇ ਗੱਦੇ ਨੂੰ ਦੇਖ ਕੇ ਉਹ ਗੁੱਸੇ 'ਚ ਆ ਗਏ। ਉਨ੍ਹਾਂ ਮੌਕੇ ’ਤੇ ਮੌਜੂਦ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੂੰ ਚਮੜੀ ਵਿਭਾਗ ਦੇ ਉਨ੍ਹਾਂ ਗੰਦੇ ਬੈਡ ’ਤੇ ਲੇਟਣ ਲਈ ਕਿਹਾ, ਜਿੱਥੇ ਮਰੀਜ਼ਾਂ ਨੂੰ ਇਲਾਜ ਲਈ ਲਿਟਾਇਆ ਜਾਂਦਾ ਹੈ।
ਜਿਸ ਤੋਂ ਬਾਅਦ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ.ਰਾਜ ਬਹਾਦਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਆਪਣਾ ਅਸਤੀਫਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜਣ ਦੀ ਪੁਸ਼ਟੀ ਕੀਤੀ ਹੈ। ਉਸਨੇ ਇਹ ਵੀ ਕਿਹਾ ਕਿ ਉਸਨੇ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਅਜਿਹੇ ਵਿਵਹਾਰ ਦਾ ਸਾਹਮਣਾ ਕੀਤਾ ਹੈ।