ਬਠਿੰਡਾ: ਦੁਧਾਰੂ ਪਸ਼ੂਆਂ ਵਿੱਚ ਤੇਜ਼ੀ ਨਾਲ ਫੈਲੀ ਲੰਪੀ ਸਕਿਨ ਬੀਮਾਰੀ ਕਾਰਨ ਪਸ਼ੂ ਪਾਲਕ ਜਿੱਥੇ ਚਿੰਤਾ ਚ ਦਿਖਾਈ ਦੇ ਰਹੇ ਹਨ ਉਥੇ ਹੀ ਸੜਕਾਂ ਤੇ ਘੁੰਮ ਰਹੀਆਂ ਲਾਵਾਰਿਸ ਗਊਵੰਸ਼ ਦੇ ਇਲਾਜ ਲਈ ਹੁਣ ਬਠਿੰਡਾ ਦੇ ਸਮਾਜ ਸੇਵੀ ਅੱਗੇ ਆ ਰਹੇ ਹਨ। ਸਮਾਜ ਸੇਵੀ ਸੰਸਥਾ ਚਲਾ ਰਹੇ ਬਠਿੰਡਾ ਅਤੇ ਗੁਰਵਿੰਦਰ ਸ਼ਰਮਾ ਵੱਲੋਂ ਇਨ੍ਹਾਂ ਬੀਮਾਰ ਗਊਵੰਸ਼ ਦੇ ਇਲਾਜ ਲਈ ਆਪਣੇ ਪੱਧਰ ਉੱਪਰ ਉਪਰਾਲੇ ਵਿੱਢੇ ਗਏ। ਪੰਜਾਬ ਸਮੇਤ ਦੇਸ਼ ਦੇ ਹੋਰ ਸੂਬਿਆਂ ਵਿੱਚ ਇਸ ਬੀਮਾਰੀ ਦਾ ਕਹਿਰ ਵਰ੍ਹ ਰਿਹਾ ਹੈ।
ਸਮਾਜਸੇਵੀ ਗੁਰਵਿੰਦਰ ਸ਼ਰਮਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਦੇਸੀ ਨੁਕਤਾ ਅਪਣਾਉਂਦੇ ਹਨ। ਉਨ੍ਹਾਂ ਵੱਲੋਂ ਆਟੇ ਦੇ ਪੇੜ ਵਿੱਚ 10 ਗ੍ਰਾਮ ਹਲਦੀ, 10 ਗ੍ਰਾਮ ਕਾਲੀ ਮਿਰਚ, 10 ਗ੍ਰਾਮ ਸ਼ੱਕਰ ਅਤੇ ਸਰ੍ਹੋਂ ਦੇ ਤੇਲ ਵਿੱਚ ਪੇਸਟ ਬਣਾ ਕੇ ਇਨ੍ਹਾਂ ਬਿਮਾਰ ਪਸ਼ੂਆਂ ਨੂੰ ਖੁਆਇਆ ਜਾਵੇ। ਇਸ ਨਾਲ ਇਨ੍ਹਾਂ ਦੀ ਇਮਿਊਨਿਟੀ ਵਧਦੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਸਪਰੇਅ ਕੀਤੀ ਜਾ ਰਹੀ ਹੈ, ਜਿਸ ਵਿੱਚ ਉਨ੍ਹਾਂ ਵੱਲੋਂ ਢੋਲ ਦੀ ਵਰਤੋਂ ਕਰਕੇ ਇਨ੍ਹਾਂ ਬਿਮਾਰ ਪਸ਼ੂਆਂ ਦੇ ਲੱਗੇ ਹੋਏ ਮੱਖੀ-ਮੱਛਰ ਨੂੰ ਹਟਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਇਹ ਬੀਮਾਰੀ ਇੱਕ ਪਸ਼ੂ ਤੋਂ ਦੂਜੇ ਪਸ਼ੂ ਨੂੰ ਤੇਜ਼ੀ ਨਾਲ ਫੈਲਦੀ ਹੈ ਇਸ ਲਈ ਇਨ੍ਹਾਂ ਵੱਲੋਂ ਹੀ ਸਪਰੇਅ ਕੀਤੀ ਜਾ ਰਹੀ ਹੈ।