ਬਠਿੰਡਾ: ਖੇਤੀ ਕਾਨੂੰਨਾਂ ਦੇ ਖਿਲਾਫ ਪੰਜਾਬ ਦੇ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਇਸ ਸਬੰਧ 'ਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਉਨ੍ਹਾਂ ਪੰਜਾਬ ਦੇ ਮੌਜੂਦਾ ਹਲਾਤਾਂ ਨੂੰ ਗੰਭੀਰ ਦੱਸਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਸਬੰਧੀ ਜਲਦ ਤੋਂ ਜਲਦ ਹੱਲ ਕੱਢਣ ਤੇ ਕਿਸਾਨਾਂ ਦੀ ਮਦਦ ਕਰਨ ਦੀ ਗੱਲ ਕਹੀ। ਉਨ੍ਹਾਂ ਆਖਿਆ ਕਿ ਜੇਕਰ ਮੁੱਖ ਮੰਤਰੀ ਇਨ੍ਹਾਂ ਹਲਾਤਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਤਾਂ ਆਉਣ ਵਾਲੇ ਸਮੇਂ 'ਚ ਸੂਬੇ ਨੂੰ ਬਹੁਤ ਆਰਥਿਕ ਪੱਖੋਂ ਭਾਰੀ ਨੁਕਸਾਨ ਝੱਲਣਾ ਪੈ ਸਕਦਾ ਹੈ।
ਸਿਕੰਦਰ ਸਿੰਘ ਮਲੂਕਾ ਨੇ ਪੰਜਾਬ ਦੇ ਵੱਖ ਮੁੱਦਿਆਂ ਉੱਤੇ ਗੱਲਬਾਤ ਕੀਤੀ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਜਮ ਕੇ ਨਿਸ਼ਾਨੇ ਸਾਧੇ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਆਪਣੇ ਮੰਤਰੀ ਮੰਡਲ ਨਾਲ ਰਾਸ਼ਟਰਪਤੀ ਤੇ ਹੋਰਨਾਂ ਮੰਤਰੀਆਂ ਨੂੰ ਮਿਲ ਰਹੇ ਹਨ। ਜਦੋਂ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦੀ ਸਮੱਸਿਆ ਦਾ ਹੱਲ ਮਹਿਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਹੈ। ਜੇਕਰ ਮੁੱਖ ਮੰਤਰੀ ਆਪਣੇ ਵਿਰੋਧੀ ਧਿਰਾਂ ਨਾਲ ਵੀ ਇੱਕਜੁਟ ਹੋ ਕੇ ਪੀਐਮ ਨੂੰ ਮਿਲਣਗੇ ਤਾਂ ਇਸ ਸਮੱਸਿਆ ਦਾ ਹੱਲ ਨਿਕਲਣਾ ਸੰਭਵ ਹੈ। ਇਸ ਤੋਂ ਇਲਾਵਾ ਮਲੂਕਾਂ ਨੇ ਸੂਬੇ 'ਚ ਬਿਜ਼ਲੀ ਦਰਾਂ 'ਚ ਵਾਧਾ, ਕਿਸਾਨਾਂ ਦੇ ਧਰਨੇ ਕਾਰਨ ਇੰਡਸਟਰੀ ਤੇ ਥਰਮਲ ਪਲਾਂਟਾਂ ਨੂੰ ਨੁਕਸਾਨ ਸਬੰਧੀ ਗੱਲ ਕੀਤੀ।