ਬਠਿੰਡਾ:29 ਮਈ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਦੁਨੀਆ ਭਰ ਵਿਚ ਮਸ਼ਹੂਰ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਗਾਇਕ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਹੱਥ ਦੋ ਹਫ਼ਤਿਆਂ ਬੀਤ ਜਾਣ ਦੇ ਬਾਵਜੂਦ ਖਾਲੀ ਨਜ਼ਰ ਆ ਰਹੇ ਹਨ। ਭਾਵੇਂ ਇਸ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਬਕਾਇਦਾ ਇੱਕ ਐਸਆਈਟੀ ਦਾ ਗਠਨ ਕੀਤਾ ਗਿਆ ਸੀ ਜਿਸ ਦੀ ਏਡੀਜੀਪੀ ਪ੍ਰਮੋਦ ਬਾਨ ਵੱਲੋਂ ਅਗਵਾਈ ਕੀਤੀ ਜਾ ਰਹੀ ਹੈ।
ਇਸ ਮਾਮਲੇ ਵਿੱਚ ਪੰਜਾਬ ਪੁਲਿਸ ਵੱਲੋਂ ਭਾਵੇਂ ਸ਼ੱਕੀ ਸ਼ੂਟਰ ਅਤੇ ਹੋਰ ਮੁਲਜ਼ਮਾਂ ਦੇ ਪੋਸਟਰ ਜਾਰੀ ਕਰ ਦਿੱਤੇ ਗਏ ਸਨ, ਪਰ ਹਾਲੇ ਤੱਕ ਸਿੱਧੂ ਮੂਸੇਵਾਲਾ ਦੇ ਘਰ ਦੀ ਰੇਕੀ ਕਰਨ ਵਾਲੇ ਸੰਦੀਪ ਉਰਫ ਕੇਕੜਾ ਦੀ ਗਿ੍ਫ਼ਤਾਰੀ ਤੋਂ ਇਲਾਵਾ ਕੋਈ ਵੀ ਸ਼ੂਟਰ ਜਾਂ ਮੁੱਖ ਮੁਲਜ਼ਮ ਪੁਲਿਸ ਦੇ ਅੜਿੱਕੇ ਨਹੀਂ ਆਇਆ ਅਤੇ ਇਸ ਮਾਮਲੇ ਵਿਚ ਬਣਾਈ ਗਈ ਐਸਆਈਟੀ ਵਲੋਂ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਰਹੀ।
ਦੋ ਮੁਲਜ਼ਮ ਪੁਲਿਸ ਰਿਮਾਂਡ ’ਤੇ:ਸਿੱਧੂ ਮੂਸੇਵਾਲਾ ਕਾਂਡ ਵਿੱਚ ਵਰਤੀਆਂ ਗਈਆਂ ਗੱਡੀਆਂ ਵਿੱਚੋਂ ਇੱਕ ਗੱਡੀ ਗੈਂਗਸਟਰ ਕੁਲਬੀਰ ਨਰੂਆਣਾ ਦੇ ਕਤਲ ਮਾਮਲੇ ਵਿਚ ਫਿਰੋਜ਼ਪੁਰ ਜੇਲ੍ਹ ਵਿੱਚ ਬੰਦ ਮਨਪ੍ਰੀਤ ਸਿੰਘ ਉਰਫ ਮੰਨਾ ਦੀ ਸੀ ਜਦੋਂ ਪੁਲਿਸ ਵੱਲੋਂ ਮਨਪ੍ਰੀਤ ਸਿੰਘ ਮੰਨਾ ਨੂੰ ਫਿਰੋਜ਼ਪੁਰ ਜੇਲ੍ਹ ਵਿਚੋਂ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ ਤਾਂ ਇਹ ਗੱਲ ਸਾਹਮਣੇ ਆਈ ਕਿ ਉਸ ਵੱਲੋਂ ਇਹ ਗੱਡੀ ਮਨਪ੍ਰੀਤ ਸਿੰਘ ਉਰਫ ਭਾਊ ਨੂੰ ਬਠਿੰਡਾ ਜੇਲ੍ਹ ਵਿੱਚ ਬੰਦ ਸਰਾਜ ਮਿੰਟੂ ਦੇ ਕਹਿਣ ਤੇ ਦਿੱਤੀ ਸੀ। ਪੁਲਿਸ ਵੱਲੋਂ ਮਨਪ੍ਰੀਤ ਸਿੰਘ ਉਰਫ ਭਾਊ ਨੂੰ ਦੇਹਰਾਦੂਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਮਨਪ੍ਰੀਤ ਸਿੰਘ ਮੰਨਾ ਅਤੇ ਸਰਾਜ ਮਿੰਟੂ ਨੂੰ ਪ੍ਰੋਡਕਸ਼ਨ ਵਾਰੰਟ ਤੇ ਮਾਨਸਾ ਪੁਲਿਸ ਵੱਲੋਂ ਲਿਆ ਕੇ ਪੁਲਿਸ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਲਗਾਤਾਰ ਕੀਤੀ ਜਾ ਰਹੀ ਹੈ।
ਪਰ ਇਸ ਦੌਰਾਨ ਹੀ ਪੁਲਿਸ ਵੱਲੋਂ ਸਿੱਧੂ ਮੂਸੇਵਾਲਾ ਦੀ ਰੇਕੀ ਕਰਨ ਵਾਲੇ ਸੰਦੀਪ ਸਿੰਘ ਉਰਫ ਕੇਕੜਾ ਨੂੰ ਸਿਰਸਾ ਦੇ ਕਾਲਿਆਂਵਾਲੀ ਤੋਂ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ ਕੇਕੜਾ ਵੱਲੋਂ ਹੀ ਸਿੱਧੂ ਮੂਸੇਵਾਲਾ ਦੇ ਘਰ ਤੋਂ ਰਵਾਨਾ ਹੋਣ ਸਮੇਂ ਸੈਲਫੀ ਖਿੱਚ ਕੇ ਇਸ ਸਬੰਧੀ ਸ਼ੂਟਰਾਂ ਨੂੰ ਜਾਣਕਾਰੀ ਉਪਲੱਬਧ ਕਰਾਉਣ ਦੇ ਦੋਸ਼ ਲੱਗੇ ਸਨ। ਪੁਲਿਸ ਗ੍ਰਿਫ਼ਤਾਰੀ ਦੌਰਾਨ ਸੰਦੀਪ ਉਰਫ ਕੇਕੜਾ ਵੱਲੋਂ ਹੋਰ ਕਈ ਅਹਿਮ ਖੁਲਾਸੇ ਕੀਤੇ ਗਏ ਜਿਨ੍ਹਾਂ ਵਿੱਚ ਬਠਿੰਡਾ ਦੇ ਦੋ ਨੌਜਵਾਨ ਕੇਸ਼ਵ ਅਤੇ ਹਰ ਕਮਲ ਦਾ ਨਾਮ ਸਾਹਮਣੇ ਆਇਆ ਪਰ ਪੰਜਾਬ ਪੁਲਿਸ ਵੱਲੋਂ ਇਨ੍ਹਾਂ ਨੌਜਵਾਨਾਂ ਦੀ ਗ੍ਰਿਫਤਾਰੀ ਸਬੰਧੀ ਹਾਲੇ ਤੱਕ ਕੋਈ ਵੀ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ।
ਦੂਜੇ ਪਾਸੇ ਹਰਿਆਣਾ, ਰਾਜਸਥਾਨ ਅਤੇ ਦਿੱਲੀ ਦੀ ਪੁਲਿਸ ਫੋਰਸ ਵੱਲੋਂ ਲਗਾਤਾਰ ਸਿੱਧੂ ਮੂਸੇ ਵਾਲਾ ਕਾਂਡ ਵਿਚ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਹਨ, ਪਰ ਪੰਜਾਬ ਪੁਲਿਸ ਵੱਲੋਂ ਇਸ ਕਤਲ ਕਾਂਡ ਵਿੱਚ ਗ੍ਰਿਫਤਾਰ ਕੀਤੇ ਵਿਅਕਤੀਆਂ ਦੀਆਂ ਭੂਮਿਕਾਵਾਂ ਦਾ ਖੁਲਾਸਾ ਕਰਦਿਆਂ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਏਡੀਜੀਪੀ ਪਰਮੋਦ ਬਾਨ ਨੇ ਦੱਸਿਆ ਕਿ ਗੋਲਡੀ ਬਰਾੜ ਅਤੇ ਸਚਿਨ ਥਾਪਨ ਦੇ ਨਿਰਦੇਸ਼ਾਂ 'ਤੇ ਸੰਦੀਪ ਉਰਫ ਕੇਕੜਾ ਨੇ ਆਪਣੇ ਆਪ ਨੂੰ ਮੂਸੇਵਾਲਾ ਦੇ ਪ੍ਰਸ਼ੰਸਕ ਵਜੋਂ ਪੇਸ਼ ਕਰਕੇ ਉਸ 'ਤੇ ਨਜ਼ਰ ਰੱਖੀ ਹੋਈ ਸੀ। ਵਾਰਦਾਤ ਤੋਂ ਕੁਝ ਸਮਾਂ ਪਹਿਲਾਂ ਜਦੋਂ ਗਾਇਕ ਆਪਣੇ ਘਰ ਤੋਂ ਜਾ ਰਿਹਾ ਸੀ, ਤਾਂ ਉਸ ਸਮੇਂ ਕੇਕੜਾ ਨੇ ਗਾਇਕ ਨਾਲ ਸੈਲਫੀ ਵੀ ਖਿੱਚੀ ਸੀ।
ਏਡੀਜੀਪੀ ਨੇ ਦੱਸਿਆ ਕਿ ਪੰਜਵੇਂ ਮੁਲਜ਼ਮ ਪ੍ਰਭਦੀਪ ਸਿੱਧੂ ਉਰਫ਼ ਪੱਬੀ ਨੇ ਜਨਵਰੀ 2022 ਵਿੱਚ ਹਰਿਆਣਾ ਤੋਂ ਆਏ ਗੋਲਡੀ ਬਰਾੜ ਦੇ ਦੋ ਸਾਥੀਆਂ ਨੂੰ ਪਨਾਹ ਦਿੱਤੀ ਸੀ ਅਤੇ ਉਨ੍ਹਾਂ ਰਾਹੀਂ ਸਿੱਧੂ ਮੂਸੇਵਾਲਾ ਦੇ ਘਰ ਅਤੇ ਆਸਪਾਸ ਦੇ ਇਲਾਕਿਆਂ ਦੀ ਰੇਕੀ ਵੀ ਕਰਵਾਈ ਸੀ, ਜਦਕਿ ਮੋਨੂੰ ਡਾਗਰ ਨੇ ਗੋਲਡੀ ਬਰਾੜ ਦੇ ਨਿਰਦੇਸ਼ਾਂ 'ਤੇ ਇਸ ਕਤਲ ਨੂੰ ਅੰਜਾਮ ਦੇਣ ਲਈ ਸ਼ੂਟਰਾਂ ਦੀ ਟੀਮ ਬਣਾਉਣ ਲਈ ਦੋ ਸ਼ੂਟਰਾਂ ਦਾ ਪ੍ਰਬੰਧ ਕੀਤਾ ਸੀ। ਉਨ੍ਹਾਂ ਕਿਹਾ ਕਿ ਪਵਨ ਬਿਸ਼ਨੋਈ ਅਤੇ ਨਸੀਬ ਨੇ ਬਲੇਰੋ ਗੱਡੀ ਸ਼ੂਟਰਾਂ ਨੂੰ ਸੌਂਪੀ ਸੀ ਅਤੇ ਉਨ੍ਹਾਂ ਨੂੰ ਛੁਪਣਗਾਹ ਵੀ ਦਿੱਤੀ ਸੀ।
ਲਾਰੈਂਸ ਬਿਸ਼ਨੋਈ ਤੋਂ ਲਗਾਤਾਰ ਪੁੱਛਗਿੱਛ ਜਾਰੀ: ਸਿੱਧੂ ਮੂਸੇਵਾਲਾ ਕਤਲ ਕਾਂਡ ਜਿੱਥੇ ਪੰਜਾਬ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਉੱਥੇ ਹੀ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਸਿੱਧੂ ਮੂਸੇ ਵਾਲਾ ਕਤਲ ਕਾਂਡ ਦੀ ਜ਼ਿੰਮੇਵਾਰੀ ਲੈਣ ਵਾਲੇ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪ੍ਰੋਡਕਸ਼ਨ ਵਰੰਟ ’ਤੇ ਲਿਆ ਕੇ ਦਿੱਲੀ ਪੁਲਿਸ ਵੱਲੋਂ ਲਗਾਤਾਰ ਪੁੱਛਗਿੱਛ ਕੀਤੀ ਗਈ ਅਤੇ ਇਸ ਸਬੰਧੀ ਲਗਾਤਾਰ ਦਿੱਲੀ ਦੀ ਕ੍ਰਾਈਮ ਬ੍ਰਾਂਚ ਵਲੋਂ ਪੰਜਾਬ ਪੁਲਿਸ ਵੱਲੋਂ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਜਾਂਦੀ ਰਹੀ, ਪਰ ਇਸ ਮਾਮਲੇ ਵਿੱਚ ਦਿੱਲੀ ਪੁਲਿਸ ਵੱਲੋਂ ਭਾਵੇਂ ਲਾਰੈਂਸ ਬਿਸ਼ਨੋਈ ਤੋਂ ਲਗਾਤਾਰ ਪੁੱਛਗਿੱਛ ਕੀਤੀ ਗਈ, ਪਰ ਪੰਜਾਬ ਪੁਲਿਸ ਇਸ ਕਤਲ ਕਾਂਡ ਵਿੱਚ ਸ਼ਾਮਲ ਕੋਈ ਵੀ ਮੁੱਖ ਮੁਲਜ਼ਮ ਹਾਲੇ ਤੱਕ ਹੱਥ ਨਹੀਂ ਆਇਆ ਭਾਵੇਂ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
ਸਿੱਟ ਦੇ ਸੀਨੀਅਰ ਅਧਿਕਾਰੀ ਕੋਈ ਵੀ ਇਸ ਮੁੱਦੇ ’ਤੇ ਗੱਲ ਕਰਨ ਨੂੰ ਨਹੀਂ ਤਿਆਰ: ਏਡੀਜੀਪੀ ਪ੍ਰਮੋਦ ਬਾਨ ਵੱਲੋ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਆਈਜੀਪੀ ਪੀਏਪੀ ਜਸਕਰਨ ਸਿੰਘ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਰਣਨੀਤਕ ਤੌਰ 'ਤੇ ਕੰਮ ਕਰ ਰਹੀ ਹੈ ਅਤੇ ਇਸ ਅਪਰਾਧ ਵਿੱਚ ਸ਼ਾਮਲ ਪਛਾਣੇ ਗਏ ਸ਼ੂਟਰਾਂ ਅਤੇ ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਲਗਾਤਾਰ ਠੋਸ ਯਤਨ ਕਰ ਰਹੀ ਹੈ।
ਉਧਰ ਇਸ ਮੁੱਦੇ ਤੇ ਜਦੋਂ ਆਈਜੀਪੀ ਪੀਏਪੀ ਜਸਕਰਨ ਸਿੰਘ ਨਾਲ ਫੋਨ ’ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਇਹ ਕਹਿ ਕੇ ਫੋਨ ਕੱਟ ਦਿੱਤਾ ਕਿ ਉਹ ਮੀਟਿੰਗ ਵਿਚ ਹਨ, ਬਾਅਦ ਵਿੱਚ ਗੱਲ ਕਰਨਗੇ ਸਿੱਧੂ ਮੂਸੇ ਵਾਲਾ ਕਤਲ ਕਾਂਡ ਵਿੱਚ ਬਣਾਈ ਗਈ ਸਿੱਟ ਵਿੱਚ ਸ਼ਾਮਲ ਬਠਿੰਡਾ ਤੋਂ ਡੀਐੱਸਪੀਡੀ ਵਿਸ਼ਵਜੀਤ ਸਿੰਘ ਮਾਨ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕੈਮਰੇ ਸਾਹਮਣੇ ਬੋਲਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਇਸ ਵਿਸ਼ੇ ’ਤੇ ਸਿੱਟ ਦੇ ਸੀਨੀਅਰ ਅਧਿਕਾਰੀ ਹੀ ਇਸ ਮਾਮਲੇ ’ਤੇ ਕੁਝ ਦੱਸ ਸਕਦੇ ਹਨ।
ਪੰਜਾਬ ਲੈ ਕੇ ਆਵੇਗੀ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਪੁਲਿਸ: ਸਿੱਧੂ ਮੂਸੇ ਵਾਲਾ ਕਤਲ ਕਾਂਡ ਮਾਮਲੇ ਵਿਚ ਬਣਾਈ ਗਈ ਸਿੱਟ ਦੇ ਮੈਂਬਰ ਐੱਸਐੱਸਪੀ ਮਾਨਸਾ ਗੌਰਵ ਤੂਰਾ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਇਸ ਕਤਲ ਕਾਂਡ ਵਿੱਚ ਮੁਲਜ਼ਮਾਂ ਦੇ ਆਉਣ ਅਤੇ ਜਾਣ ਦੇ ਰੂਟ ਨੂੰ ਚੰਗੀ ਤਰ੍ਹਾਂ ਖੰਗਾਲਿਆ ਗਿਆ ਹੈ ਅਤੇ ਇਨ੍ਹਾਂ ਰੂਟਸ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਕਢਵਾਈ ਗਈ ਹੈ, ਇਸਦੇ ਨਾਲ ਹੀ ਸਾਈਬਰ ਸੈੱਲ ਵੱਲੋਂ ਲਗਾਤਾਰ ਇਸ ਮਾਮਲੇ ਵਿੱਚ ਆਪਣੀਆਂ ਇਨਪੁੱਟਸ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਸ਼ੱਕੀ ਸ਼ੂਟਰਾਂ ਅਤੇ ਮੁਲਜ਼ਮਾਂ ਦੀ ਪਛਾਣ ਹੋ ਚੁੱਕੀ ਹੈ ਅਤੇ ਜਲਦ ਹੀ ਉਹ ਪੁਲਿਸ ਦੀ ਗ੍ਰਿਫਤ ਵਿਚ ਹੋਣਗੇ। ਉਨ੍ਹਾਂ ਕਿਹਾ ਕਿ ਦਿੱਲੀ ਪੁਲਿਸ ਵੱਲੋਂ ਲਾਰੈਂਸ ਬਿਸ਼ਨੋਈ ਦਾ ਪ੍ਰੋਡਕਸ਼ਨ ਵਾਰੰਟ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਪੰਜਾਬ ਪੁਲਿਸ ਪ੍ਰੋਡਕਸ਼ਨ ਵਾਰੰਟ ’ਤੇ ਸਿੱਧੂ ਮੂਸੇ ਵਾਲਾ ਕਤਲ ਕਾਂਡ ਵਿਚ ਪੰਜਾਬ ਲੈ ਕੇ ਆਵੇਗੀ।
ਇਹ ਵੀ ਪੜੋ:ਪਾਕਿਸਤਾਨ ਤੋਂ ਮੂਸੇ ਪਹੁੰਚੇ 2 ਪਾਕਿਸਤਾਨੀ ਭਰਾ