ਬਠਿੰਡਾ:ਅੱਜ ਦੇ ਆਧੁਨਿਕ ਯੁੱਗ ਵਿੱਚ ਸਿੱਖਿਆ ਹਰੇਕ ਵਿਅਕਤੀ ਲਈ ਜਿੱਥੇ ਜ਼ਰੂਰੀ ਹੈ ਉੱਥੇ ਹੀ ਗਰੀਬ ਬੱਚਿਆਂ ਨੂੰ ਸਿੱਖਿਆ ਹਾਸਿਲ ਕਰਨ ਦੇ ਲਈ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਦੀਆਂ ਸਮੱਸਿਆਵਾਂ ਨੂੰ ਵੇਖਦੇ ਹੋਏ ਬਠਿੰਡਾ ਦੇ ਇੱਕ ਸਮਾਜ ਸੇਵੀ ਸੰਸਥਾ ਵੱਲੋਂ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ। ਜਿਸ ਚ ਗਰੀਬ ਬੱਚਿਆ ਨੂੰ ਮੁਫਤ ’ਚ ਸਿੱਖਿਆ ਦਿੱਤੀ ਜਾ ਰਹੀ ਹੈ।
ਸਾਲ 2014 ਤੋਂ ਕੀਤੀ ਸੀ ਸ਼ੁਰੂਆਤ: ਦੱਸ ਦਈਏ ਕਿ ਇਹ ਮੁਫ਼ਤ ’ਚ ਕੋਚਿੰਗ ਸ਼ਹੀਦ ਜਰਨੈਲ ਸਿੰਘ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਗੋਗਾ ਵੱਲੋਂ ਗਰੀਬ ਬੱਚਿਆਂ ਲਈ 2014 ਤੋਂ ਰੋਜ਼ਾਨਾ ਦੋ ਘੰਟੇ ਮੁਫ਼ਤ ਕੋਚਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਪਹਿਲਾਂ ਇਹ ਕੋਚਿੰਗ ਉਨ੍ਹਾਂ ਦੀ ਪਤਨੀ ਅਤੇ ਬੇਟੀ ਵੱਲੋਂ ਸ਼ੁਰੂ ਕੀਤੀ ਗਈ। ਪਰ ਹੌਲੀ-ਹੌਲੀ ਬੱਚਿਆਂ ਦੀ ਗਿਣਤੀ ਵਧਣ ਕਾਰਨ ਉਨ੍ਹਾਂ ਦੀ ਮਦਦ ਲਈ ਦੋ ਸਰਕਾਰੀ ਅਧਿਆਪਕ ਵੀ ਇਨ੍ਹਾਂ ਨਾਲ ਜੁੜ ਗਏ ਹਨ ਜੋ ਕਿ ਇਨ੍ਹਾਂ ਗ਼ਰੀਬ ਬੱਚਿਆਂ ਨੂੰ ਕੋਚਿੰਗ ਦਿੰਦੇ ਹਨ।
'ਹੋਰ ਅਧਿਆਪਕ ਵੀ ਜੁੜੇ ਸੰਸਥਾ ਦੇ ਨਾਲ': ਸੰਸਥਾ ਦੇ ਪ੍ਰਧਾਨ ਅਵਤਾਰ ਸਿੰਘ ਗੋਗਾ ਦਾ ਕਹਿਣਾ ਹੈ ਕਿ ਜਿੱਥੇ ਉਨ੍ਹਾਂ ਵੱਲੋਂ ਸਮਾਜ ਸੇਵਾ ਲਈ ਇਹ ਸੁਸਾਇਟੀ ਬਣਾਈ ਗਈ ਅਤੇ ਗ਼ਰੀਬ ਬੱਚਿਆਂ ਦੀ ਮਦਦ ਲਈ ਉਨ੍ਹਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ। ਉੱਥੇ ਹੀ ਹਰ ਵਿਦਿਆਰਥੀ ਨੂੰ ਉਚੇਰੀ ਸਿੱਖਿਆ ਦਿਵਾਉਣ ਲਈ ਉਨ੍ਹਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਸੀ। ਸ਼ੁਰੂ-ਸ਼ੁਰੂ ਵਿੱਚ ਉਨ੍ਹਾਂ ਦੀ ਪਤਨੀ ਅਤੇ ਬੇਟੀ ਵੱਲੋਂ ਇਨ੍ਹਾਂ ਗ਼ਰੀਬ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਸੀ, ਪਰ ਹੁਣ ਇਸ ਵਿਚ ਦੋ ਸਰਕਾਰੀ ਅਧਿਆਪਕ ਜੋ ਪਤੀ ਪਤਨੀ ਹਨ ਉਨ੍ਹਾਂ ਦਾ ਸਹਿਯੋਗ ਕਰ ਰਹੇ ਹਨ ਅਤੇ ਸਮੇਂ-ਸਮੇਂ ਦੌਰਾਨ ਸ਼ਹਿਰ ਦੇ ਵੱਖ-ਵੱਖ ਦਾਨੀ ਸੱਜਣਾਂ ਵੱਲੋਂ ਇਨ੍ਹਾਂ ਗ਼ਰੀਬ ਬੱਚਿਆਂ ਲਈ ਸਟੇਸ਼ਨਰੀ ਆਦਿ ਦਾ ਪ੍ਰਬੰਧ ਕੀਤਾ ਜਾਂਦਾ ਹੈ।
'ਬੱਚਿਆਂ ਵੱਲੋਂ ਸਿੱਖਿਆ ਹਾਸਲ ਕੀਤੀ ਜਾ ਰਹੀ': ਇਸ ਕੋਚਿੰਗ ਸੈਂਟਰ ਵਿੱਚ ਗ਼ਰੀਬ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਨ ਵਾਲੀ ਅਵਤਾਰ ਸਿੰਘ ਗੋਗਾ ਦੀ ਬੇਟੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿਤਾ ਵੱਲੋਂ ਸਮੇਂ ਸਮੇਂ ਸਿਰਫ਼ ਸਮਾਜ ਸੇਵਾ ਲਈ ਕੀਤੇ ਜਾ ਰਹੇ ਉਪਰਾਲਿਆਂ ਤੋਂ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਅਤੇ ਇਸ ਦੇ ਚੱਲਦੇ ਹੀ ਉਨ੍ਹਾਂ ਵੱਲੋਂ ਗ਼ਰੀਬ ਬੱਚਿਆਂ ਲਈ ਸਿੱਖਿਆ ਦਾ ਪ੍ਰਬੰਧ ਕਰਨਾ ਇਹ ਕੋਚਿੰਗ ਸੈਂਟਰ ਰੋਜਾਨਾ ਪੰਜ ਤੋਂ ਸੱਤ ਵਜੇ ਤੱਕ ਸ਼ਾਮ ਨੂੰ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਵੱਖ-ਵੱਖ ਕਲਾਸਾਂ ਦੇ ਗ਼ਰੀਬ ਬੱਚਿਆਂ ਵੱਲੋਂ ਸਿੱਖਿਆ ਹਾਸਲ ਕੀਤੀ ਜਾ ਰਹੀ ਹੈ।