ਬਠਿੰਡਾ:ਪਿਛਲੇ ਦਿਨ੍ਹੀਂ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਪ੍ਰੋਗਰਾਮ ਤਹਿਤ ਬਠਿੰਡਾ ਵਿੱਚ ਕਰਵਾਏ ਗਏ ਸਮਾਗਮ ਵਿੱਚ ਭੁੱਚੋ ਮੰਡੀ ਦੀ ਸਰਕਾਰੀ ਕੰਨਿਆ ਹਾਈ ਸਕੂਲ ਦੀਆਂ ਵਿਦਿਆਰਥਣਾਂ ਬੈਡਮਿੰਟਨ ਦੌਰਾਨ ਚੰਗਾ ਪ੍ਰਦਰਸ਼ਨ ਕੀਤੇ ਜਾਣ ਤੋਂ ਬਾਅਦ ਇਨ੍ਹਾਂ ਵਿਦਿਆਰਥਣਾਂ ਨੂੰ ਸਟੇਟ ਲਈ ਸਿਲੈਕਟ ਕੀਤਾ ਗਿਆ ਹੈ। Government Girls High School Bhucho Mandi
ਇਸ ਦੌਰਾਨ ਹੀ ਨੌਵੀਂ ਕਲਾਸ ਦੀ ਵਿਦਿਆਰਥਣ ਪਰਾਚੀ ਨੇ ਦੱਸਿਆ ਕਿ ਉਸਦੇ ਮਾਤਾ ਪਿਤਾ ਨਹੀਂ ਹਨ ਦਾਦਾ ਦਾਦੀ ਵੱਲੋਂ ਹੀ ਉਨ੍ਹਾਂ ਨੂੰ ਪੜ੍ਹਾਇਆ ਜਾ ਰਿਹਾ ਹੈ,ਘਰ ਵਿੱਚ ਗ਼ਰੀਬੀ ਹੋਣ ਕਾਰਨ ਉਨ੍ਹਾਂ ਵੱਲੋਂ ਸਕੂਲ ਦੇ ਸਹਿਯੋਗ ਨਾਲ ਇਹ ਪ੍ਰਾਪਤੀ ਹਾਸਲ ਕੀਤੀ ਗਈ ਹੈ। ਸਕੂਲ ਅਧਿਆਪਕਾਂ ਵੱਲੋਂ ਉਸ ਨੂੰ ਖੇਡਾਂ ਪ੍ਰਤੀ ਉਤਸ਼ਾਹਤ ਕਰਨ ਲਈ ਹਰ ਸੰਭਵ ਸਹਿਯੋਗ ਦਿੱਤਾ ਗਿਆ ਹੈ ਅਤੇ ਲੋੜੀਂਦੀਆਂ ਵਸਤਾਂ ਲਿਆ ਕੇ ਦਿੱਤੀਆਂ ਜਾਂਦੀਆਂ ਰਹੀਆਂ ਹਨ ਅਤੇ ਰੋਜ਼ਾਨਾ ਉਨ੍ਹਾਂ ਨੂੰ ਦੋ ਘੰਟੇ ਸਕੂਲ ਦੇ ਹੀ ਗਰਾਊਂਡ ਵਿੱਚ ਬੈਡਮਿੰਟਨ ਦੀ ਪ੍ਰੈਕਟਿਸ ਕਰਵਾਈ ਜਾਂਦੀ ਰਹੀ ਹੈ। ਸਕੂਲ ਵੱਲੋਂ ਹੀ ਉਨ੍ਹਾਂ ਨੂੰ ਵਰਦੀਆਂ ਉਪਲੱਬਧ ਕਰਵਾਈਆਂ ਜਾਂਦੀਆਂ ਰਹੀਆਂ ਹਨ ਅਤੇ ਖੇਡਾਂ ਵਿੱਚ ਉਤਸ਼ਾਹਤ ਕਰਨ ਲਈ ਵੀ ਸਮੇਂ ਸਮੇਂ ਸਿਰ ਕੋਚਿੰਗ ਦਿੱਤੀ ਜਾਂਦੀ ਰਹੀ ਹੈ।
ਇਸ ਦੌਰਾਨ ਹੀ ਸਕੂਲ ਦੀ ਵਿਦਿਆਰਥਣ ਸੁਨੈਨਾ ਨੇ ਦੱਸਿਆ ਕਿ ਉਸਦੇ ਪਿਤਾ ਦਿਹਾੜੀ ਕਰਦੇ ਹਨ, ਪਰ ਸਕੂਲ ਪ੍ਰਬੰਧਕਾਂ ਵੱਲੋਂ ਉਸ ਦਾ ਖੇਡਾਂ ਪ੍ਰਤੀ ਉਤਸ਼ਾਹ ਵੇਖਦੇ ਹੋਏ, ਉਸ ਨੂੰ ਬੈਡਮਿੰਟਨ ਦੀ ਖੇਡ ਵਿਚ ਸਲੈਕਟ ਕਰ ਕੇ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਭੇਜਿਆ ਗਿਆ ਸੀ। ਜਿੱਥੇ ਉਸ ਨੂੰ ਸਟੇਟ ਲਈ ਸਿਲੈਕਟ ਕੀਤਾ ਗਿਆ ਹੈ। ਸੁਨੈਨਾ ਨੇ ਦੱਸਿਆ ਕਿ ਘਰ ਵਿੱਚ ਗ਼ਰੀਬੀ ਹੋਣ ਦੇ ਬਾਵਜੂਦ ਉਸ ਵੱਲੋਂ ਇਸ ਖੇਡ ਪ੍ਰਤੀ ਸਪਰਪਣ ਨੂੰ ਦੇਖਦੇ ਹੋਏ ਵਧੀਆ ਕੋਚਿੰਗ ਦਿੱਤੀ ਗਈ ਅਤੇ ਖੇਡਣ ਲਈ ਹਰ ਤਰ੍ਹਾਂ ਦਾ ਸਾਮਾਨ ਉਪਲੱਬਧ ਕਰਵਾ ਕੇ ਦਿੱਤਾ।