ਬਠਿੰਡਾ:ਪੰਜਾਬ ਵਿਧਾਨ ਸਭਾ ਚੋਣਾਂ 2022 (2022 Punjab Assembly Elections) ਨੂੰ ਲੈ ਕੇ ਸਿਆਸੀ ਪਾਰਟੀਆਂ ਪੱਬਾਂ ਭਾਰ ਹੋਈਆਂ ਪਈਆਂ ਹਨ। ਚੋਣਾਂ ਦੇ ਮੱਦੇਨਜ਼ਰ ਸਿਆਸੀ ਆਗੂ ਲੋਕਾਂ ਵਿਚਾਲੇ ਵਿਚਰ ਰਹੇ ਹਨ। ਇਸੇ ਤਰ੍ਹਾਂ ਹੀ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੰਗਲਵਾਰ ਬਠਿੰਡਾ ਫੇਰੀ ਪਾਈ।
ਉਹ ਕਾਂਗਰਸ ਤੋਂ ਬਾਗੀ ਹੋਏ ਟਕਸਾਲੀ ਕਾਂਗਰਸੀ ਆਗੂ ਰਾਜ ਨੰਬਰਦਾਰ ਵੱਲੋਂ ਸ਼ਹਿਰ ਵਿੱਚ ਕਰਵਾਏ ਵਿਸ਼ੇਸ਼ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਹੋਏ ਸਨ। ਇਸ ਮੌਕੇ ਕੋਈ ਵੀ ਖਾਸ ਚਿਹਰਾ ਨਜ਼ਰ ਨਾ ਆਇਆ ਅਤੇ ਕੈਪਟਨ ਦੀ ਬਠਿੰਡਾ ਫੇਰੀ ਦੇ ਰੰਗ ਵੀ ਫਿੱਕੇ ਨਜ਼ਰ ਆਏ। ਇਥੋਂ ਤੱਕ ਕਿ ਭਾਜਪਾ ਦਾ ਵੀ ਕੋਈ ਲੀਡਰ ਸਵਾਗਤ ਕਰਨ ਲਈ ਨਾ ਪਹੁੰਚਿਆ।
ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵੱਲੋਂ ਲੀਗਲ ਵਿੰਗ ਦੇ ਇੰਚਾਰਜ ਐਡਵੋਕੇਟ ਛਿੰਦਰਪਾਲ ਸਿੰਘ ਬਰਾੜ ਸ਼ਾਮਲ ਹੋਏ। ਇਸ ਮੌਕੇ ਵਿਸ਼ੇਸ਼ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ 'ਤੇ ਸਵਾਲ ਚੁੱਕਣ ਵਾਲਿਆਂ ਦੇ ਅੱਜ ਖ਼ੁਦ ਦੇ ਹਾਲਾਤ ਮਾੜੇ ਹਨ, ਜੋ ਉਨ੍ਹਾਂ ਨੇ ਕਾਂਗਰਸ ਛੱਡਣ ਵੇਲੇ ਕਿਹਾ ਸੀ ਕਿ ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾ ਕੇ ਪਛਤਾਉਣਗੇ ਉਹ ਗੱਲ ਅੱਜ ਸਾਬਤ ਹੋ ਰਹੀ ਹੈ।
ਉਨ੍ਹਾਂ ਨਵਜੋਤ ਸਿੰਘ ਸਿੱਧੂ ਵੱਲੋਂ ਮਹਿਲਾਵਾਂ ਲਈ ਕੀਤੇ ਵੱਡੇ ਵੱਡੇ ਐਲਾਨ ਨੂੰ ਬੇਤੁਕਾ ਕਰਾਰ ਦਿੰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦਾ ਮੈਨੀਫੈਸਟੋ ਬਣਦਾ ਹੈ, ਜਿਸ ਵਿੱਚ ਸਾਰੇ ਵਰਗਾਂ ਦਾ ਖਿਆਲ ਰੱਖ ਕੇ ਐਲਾਨ ਕੀਤੇ ਜਾਂਦੇ ਹਨ, ਸਿੱਧੂ ਨੂੰ ਐਲਾਨ ਕਰਨ ਦਾ ਕੋਈ ਹੱਕ ਨਹੀਂ।