ਬਠਿੰਡਾ: ਕੇਂਦਰੀ ਜੇਲ੍ਹ ਵਿਚੋਂ ਸਿਵਲ ਹਸਪਤਾਲ ਲਿਆਂਦਾ ਇੱਕ ਕੈਦੀ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋਣ ਵਿੱਚ ਸਫ਼ਲ ਹੋ ਗਿਆ ਹੈ। ਕੈਦੀ ਦੀ ਪਛਾਣ ਮੀਤਾ ਰਾਮ ਵਜੋਂ ਹੋਈ ਹੈ। ਜੇਲ੍ਹ ਪ੍ਰਸ਼ਾਸਨ ਵੱਲੋਂ ਕੈਦੀ ਦੀ ਭਾਲ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਕੇਂਦਰੀ ਜੇਲ੍ਹ ਵਿਚੋਂ 7 ਕੈਦੀਆਂ ਨੂੰ ਚੈੱਕਅਪ ਲਈ ਬਠਿੰਡਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਸੀ। ਇਸ ਦੌਰਾਨ ਸਿਵਲ ਹਸਪਤਾਲ ਦੇ ਡਾਕਟਰ ਕੈਦੀਆਂ ਦਾ ਚੈੱਕਅਪ ਕਰ ਰਹੇ ਸਨ। ਇਸ ਦੌਰਾਨ ਕੈਦੀ ਸਿਵਲ ਹਸਪਤਾਲ ਦੀ ਓਪੀਡੀ ਵਿਚੋਂ ਮੌਕਾ ਵੇਖ ਕੇ ਫ਼ਰਾਰ ਹੋ ਗਿਆ।
ਕੈਦੀ ਦੇ ਫ਼ਰਾਰ ਹੋਣ ਤੋਂ ਬਾਅਦ ਕਈ ਸਮੇਂ ਤੱਕ ਜੇਲ੍ਹ ਪੁਲਿਸ ਕਰਮਚਾਰੀਆਂ ਨੂੰ ਇਸ ਦੀ ਭਣਕ ਨਹੀਂ ਲੱਗੀ, ਕੁਝ ਸਮੇਂ ਬਾਅਦ ਜਦੋਂ ਜੇਲ੍ਹ ਪੁਲਿਸ ਨੇ ਕੈਦੀਆਂ ਦੀ ਗਿਣਤੀ ਕੀਤੀ ਤਾਂ ਉਨ੍ਹਾਂ ਨੂੰ ਪਤਾ ਲਗਾ ਕਿ ਇੱਕ ਕੈਦੀ ਉਨ੍ਹਾਂ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ ਹੈ।
ਜ਼ਿਕਰਯੋਗ ਹੈ ਕਿ ਕੇਂਦਰੀ ਜੇਲ੍ਹ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ, ਜੇਲ੍ਹ 'ਚੋਂ ਕਦੇ ਮੋਬਾਈਲ ਬਰਾਮਦ ਹੁੰਦੇ ਹਨ, ਤੇ ਕਦੇ ਕੈਦੀ ਫ਼ਰਾਰ ਹੋ ਜਾਂਦੇ ਹਨ। ਇਸ ਦੇ ਕਈ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ। ਹਾਦਸੇ ਦੀ ਸੂਚਨਾ ਮਿਲਦੇ ਹੀ ਬਠਿੰਡਾ ਪੁਲਿਸ ਦੇ ਕਈ ਉੱਚ ਅਧਿਕਾਰੀ ਮੌਕੇ ਉੱਤੇ ਪੁੱਜੇ ਤੇ ਉਨ੍ਹਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।