ਬਠਿੰਡਾ: ਸਿਹਤ ਵਿਭਾਗ ਨੇ ਲਿੰਗ ਜਾਂਚ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਬਠਿੰਡਾ ਵਿੱਚ 24 ਘੰਟਿਆਂ ਵਿੱਚ ਅਜਿਹਾ ਦੂਜਾ ਮਾਮਲਾ ਹੈ। ਪੁਲਿਸ ਨੇ 2 ਮਹਿਲਾ ਸਣੇ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਇਹ ਗਿਰੋਹ ਗਰਭਵਤੀ ਮਹਿਲਾਵਾਂ ਨੂੰ ਫ਼ਰਜ਼ੀ ਮਸ਼ੀਨ ਲਗਾ ਕੇ ਗੁੰਮਰਾਹ ਕਰਕੇ ਪੈਸੇ ਵਸੂਲਦੇ ਸਨ।
ਬਠਿੰਡਾ: ਲਿੰਗ ਜਾਂਚ ਕਰਨ ਵਾਲੇ ਗਿਰੋਹ ਦੇ 4 ਮੈਂਬਰ ਰੰਗੇ ਹੱਥੀ ਕੀਤਾ ਕਾਬੂ ਦੋਸ਼ੀ ਮਹਿਲਾ ਕਿਰਨ ਦਾ ਕਹਿਣਾ ਹੈ ਕਿ ਉਹ ਅਨਪੜ੍ਹ ਹੈ। ਉਸ ਨੇ ਦੱਸਿਆ ਕਿ ਉਹ ਇੱਕ ਆਮ ਕੰਪਿਊਟਰ ਰਾਹੀਂ ਇੱਕ ਫ਼ਰਜ਼ੀ ਮਸ਼ੀਨ ਲਗਾ ਕੇ ਲਿੰਗ ਜਾਂਚ ਕਰ ਰਹੀ ਸੀ। ਲਿੰਗ ਜਾਂਚ ਲਈ ਉਹ ਲੋਕਾਂ ਤੋਂ 8 ਹਜ਼ਾਰ ਰੁਪਏ ਵਸੂਲਦੀ ਸੀ। ਕਿਰਨ ਦਾ ਕਹਿਣਾ ਹੈ ਕਿ ਉਸ ਦਾ ਪਤੀ ਗੁਰਮੀਤ ਅਤੇ ਉਸ ਦੀ ਭੈਣ ਕੁਲਵਿੰਦਰ ਕੌਰ ਅਤੇ ਇਕਬਾਲ ਸਿੰਘ ਵੀ ਉਸ ਨਾਲ ਕੰਮ ਕਰ ਰਹੇ ਸਨ।
ਇਸ ਗਿਰੋਹ ਦਾ ਪਰਦਾਫਾਸ਼ ਕਰਨ ਦੇ ਲਈ ਚੰਡੀਗੜ੍ਹ ਤੋਂ ਸਿਹਤ ਵਿਭਾਗ ਵੱਲੋਂ ਇੱਕ ਖਾਸ ਟੀਮ ਤਿਆਰ ਕੀਤੀ ਗਈ ਸੀ। ਇਸ ਦੀ ਅਗਵਾਈ ਕਰ ਰਹੇ ਡਾ. ਰਮੇਸ਼ ਦੱਤ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬਠਿੰਡਾ ਦੇ ਪਰਸ ਰਾਮ ਨਗਰ ਇਲਾਕੇ ਦੀ 29 ਨੰਬਰ ਗਲੀ ਵਿੱਚ ਇੱਕ ਗਿਰੋਹ ਲਿੰਗ ਜਾਂਚ ਕਰ ਰਿਹਾ ਹੈ। ਇਸ ਦੇ ਵਿੱਚ ਮੁੱਖ ਸਰਗਨਾ ਗੁਰਮੀਤ ਸਿੰਘ ਜੋ ਕਿਸੇ ਨਿੱਜੀ ਹਸਪਤਾਲ ਵਿੱਚ ਬਤੌਰ ਪੀਆਰਓ ਕੰਮ ਕਰ ਕਰ ਰਿਹਾ ਹੈ ਅਤੇ ਉਸ ਦੀ ਪਤਨੀ ਕਿਰਨ ਜੋ ਫ਼ਰਜ਼ੀ ਮਸ਼ੀਨ ਰਾਹੀਂ ਲਿੰਗ ਜਾਂਚ ਕਰਦੀ ਹੈ। ਇਸ ਦੇ ਨਾਲ ਹੀ ਇਕਬਾਲ ਸਿੰਘ ਅਤੇ ਕੁਲਵਿੰਦਰ ਕੌਰ ਦੋਸ਼ੀ ਹਨ ਜਿਨ੍ਹਾਂ ਨੂੰ ਫ਼ਰਜ਼ੀ ਮਸ਼ੀਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸੂਚਨਾ ਮਿਲਣ 'ਤੇ ਉਹ ਪਹੁੰਚੇ ਹਨ ਜਿੱਥੇ ਪਤਾ ਲੱਗਿਆ ਹੈ ਕਿ 4 ਮੁਲਜ਼ਮ ਹਨ ਜੋ ਫਰਜ਼ੀ ਮਸ਼ੀਨਾਂ ਰਾਹੀਂ ਲੋਕਾਂ ਨੂੰ ਲਿੰਗ ਜਾਂਚ ਕਰਨ ਦੇ ਨਾਂਅ ਤੋਂ ਗੁੰਮਰਾਹ ਕਰ ਕੇ ਪੈਸੇ ਠੱਗਦੇ ਹਨ। ਇਸ ਦੀ ਕਾਰਵਾਈ ਸਿਹਤ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਪੁਲਿਸ ਵੱਲੋਂ ਇਨ੍ਹਾਂ ਮੁਲਜ਼ਮਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।