ਬਠਿੰਡਾ: ਸ਼ਹਿਰ ਦੇ ਪਿੰਡ ਸੇਮਾਂ ਵਿਖੇ ਪਿਛਲੇ ਲੰਬੇ ਸਮੇਂ ਤੋਂ ਆਰ.ਓ ਪਲਾਂਟ ਬੰਦ ਪਿਆ ਹੈ। ਲੋਕ ਇੱਥੇ ਗੰਦਾ ਪਾਣੀ ਪੀਣ ਲਈ ਮਜਬੂਰ ਹਨ। ਪਿੰਡ ਵਾਸੀਆਂ ਵੱਲੋਂ ਵਾਰ-ਵਾਰ ਸ਼ਿਕਾਇਤ ਕੀਤੇ ਜਾਣ ਦੇ ਬਾਵਜੂਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਗੱਲ ਉੱਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ।
ਇਸ ਬਾਰੇ ਜਦੋਂ ਈਟੀਵੀ ਭਾਰਤ ਦੀ ਟੀਮ ਨੇ ਪਿੰਡ ਵਾਸੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪਿਛਲੀ ਭਾਜਪਾ-ਅਕਾਲੀ ਸਰਕਾਰ ਦੇ ਸਮੇਂ ਉਨ੍ਹਾਂ ਦੇ ਪਿੰਡ ਵਿੱਚ ਆਰ.ਓ ਪਲਾਂਟ ਲਗਵਾਇਆ ਗਿਆ ਸੀ। ਸਰਪੰਚੀ ਚੋਣਾਂ ਤੋਂ ਬਾਅਦ ਆਰ.ਓ ਪਲਾਂਟ ਬੰਦ ਹੋ ਗਿਆ ਹੈ। ਪਿੰਡ ਦੇ ਘਰਾਂ ਵਿੱਚ ਪਾਣੀ ਪਹੁੰਚਾਉਣ ਵਾਲੀ ਪਾਈਪਾਂ ਖ਼ਰਾਬ ਹੋ ਚੁਕੀਆਂ ਹਨ, ਜਿਸ ਕਾਰਨ ਘਰਾਂ ਵਿੱਚ ਦੂਸ਼ਿਤ ਪਾਣੀ ਆਉਂਦਾ ਹੈ। ਪਿੰਡ ਵਾਸੀਆਂ ਨੇ ਦੱਸਿਆ ਦੂਸ਼ਿਤ ਪਾਣੀ ਪੀਣ ਨਾਲ ਕਈ ਲੋਕ ਬਿਮਾਰ ਪੈ ਰਹੇ ਹਨ। ਪਿੰਡ ਦੀ ਪੰਚਾਇਤ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਲੋਕਾਂ ਨੇ ਦੱਸਿਆ ਕਿ ਸਾਫ਼ ਪਾਣੀ ਲਈ ਉਨ੍ਹਾਂ ਨੂੰ ਪ੍ਰਾਈਵੇਟ ਘਰੇਲੂ ਆਰ.ਓ ਸਿਸਟਮ ਮਹਿੰਗਾ ਪੈ ਰਿਹਾ ਹੈ।
ਜਦੋਂ ਇਸ ਸਮੱਸਿਆ ਬਾਰੇ ਪਿੰਡ ਦੇ ਸਰਪੰਚ ਸੁਰਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਅਜਿਹੀ ਕੋਈ ਜਾਣਕਾਰੀ ਨਹੀਂ ਹੈ, ਤੇ ਨਾ ਹੀ ਲੋਕਾਂ ਨੇ ਇਸ ਬਾਰੇ ਕੋਈ ਗੱਲਬਾਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਆਰ.ਓ ਪਲਾਂਟ ਦੇ ਕਾਰਡ ਸਿਸਟਮ ਲਾਗੂ ਕੀਤਾ ਗਿਆ ਸੀ ਜਿਸ ਤਹਿਤ ਪ੍ਰਤੀ ਕੈਂਪਰ 2 ਰੁਪਏ ਤੇ 60 ਰੁਪਏ ਮਹੀਨਾ ਭੁਗਤਾਨ ਕਰਨਾ ਹੁੰਦਾ ਹੈ। ਜੇਕਰ ਕੋਈ ਕਾਰਡ ਨਹੀਂ ਬਣਾਉਂਦਾ ਤਾਂ ਉਸ ਨੂੰ ਪਾਣੀ ਨਹੀਂ ਦਿੱਤਾ ਜਾਂਦਾ। ਪਿੰਡ ਦੇ ਸਰਪੰਚ ਇਹ ਕਹਿ ਕੇ ਪੱਲਾ ਝਾੜਦੇ ਹੋਏ ਨਜ਼ਰ ਆਏ ਕਿ ਪਿੰਡ ਵਾਸੀ ਜਦੋਂ ਤੱਕ ਇਸ ਦੇ ਬਿੱਲ ਦਾ ਭੁਗਤਾਨ ਨਹੀਂ ਕਰਨਗੇ ਉਦੋਂ ਤੱਕ ਆਰ.ਓ ਸਿਸਟਮ ਨਹੀਂ ਚੱਲੇਗਾ।
ਹੋਰ ਪੜ੍ਹੋ :ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੇ ਕੀਤਾ ਪ੍ਰਦਰਸ਼ਨ
ਇਸ ਸਮੱਸਿਆ ਬਾਰੇ ਜਦੋਂ ਵਾਟਰ ਸਪਲਾਈ ਮਹਿਕਮੇ ਦੇ ਐੱਸਡੀਓ ਸੁਰਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਿੰਡ ਦੀ ਪੰਚਾਇਤ ਵੱਲੋਂ ਅਜਿਹੀ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਪਿੰਡ ਦੀ ਪੰਚਾਇਤ ਵੱਲੋਂ ਵੀ ਨਿੱਜੀ ਤੌਰ 'ਤੇ ਇੱਕ ਵਿਅਕਤੀ ਦੀ ਜ਼ਿੰਮੇਵਾਰੀ ਲਗਾਈ ਜਾਂਦੀ ਹੈ ਕਿਉਂਕਿ ਵਾਟਰ ਸਪਲਾਈ ਮਹਿਕਮੇ ਕੋਲ ਕਰਮਚਾਰੀਆਂ ਦੀ ਘਾਟ ਹੋਣ ਕਾਰਨ ਨਾ ਤਾਂ ਕੋਈ ਇਸ ਦੀ ਮੁਰੰਮਤ ਕਰਵਾ ਸਕਦੇ ਹਨ ਅਤੇ ਨਾ ਹੀ ਕੋਈ ਕਰਮਚਾਰੀ ਮੁਹੱਈਆ ਕਰਵਾ ਸਕਦੇ ਹਨ।