ਬਠਿੰਡਾ: ਅੱਜ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਆਮ ਬਜਟ ਪੇਸ਼ ਕੀਤਾ ਗਿਆ ਹੈ। ਸਰਕਾਰ ਵੱਲੋਂ ਇਸ ਬਜਟ 'ਚ ਕਿਸਾਨਾਂ ਦੀ ਆਮਦਨ ਵਧਾਉਣ ਦੀ ਗੱਲ ਆਖੀ ਗਈ ਹੈ, ਜਿਸ ਨੂੰ ਕਿਸਾਨਾਂ ਵੱਲੋਂ ਮਹਿਜ਼ ਲਾਅਰੇਬਾਜ਼ੀ ਤੇ ਕਿਸਾਨ ਵਿਰੋਧੀ ਦੱਸਿਆ ਜਾ ਰਿਹਾ ਹੈ।
ਕਿਸਾਨਾਂ ਨੇ ਆਮ ਬਜਟ ਨੂੰ ਦੱਸਿਆ ਕਿਸਾਨ ਵਿਰੋਧੀ
ਅੱਜ ਮੋਦੀ ਸਰਕਾਰ 2.0 ਵੱਲੋਂ ਦਹਾਕੇ ਦਾ ਪਹਿਲਾ ਬਜਟ ਪੇਸ਼ ਕੀਤਾ ਗਿਆ ਹੈ। ਇਹ ਬਜਟ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪੇਸ਼ ਕੀਤਾ। ਇਸ ਬਜਟ 'ਚ ਜਿਥੇ ਸਰਕਾਰ ਨੇ ਸਾਲ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਵਚਨਬੱਧਤਾ ਪ੍ਰਗਟਾਈ ਗਈ ਹੈ, ਉਥੇ ਹੀ ਕਿਸਾਨਾਂ ਵੱਲੋਂ ਇਸ ਬਜਟ ਨੂੰ ਲੈ ਕਿਸਾਨ ਵਿਰੋਧੀ ਕਰਾਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਥਾਨਕ ਲੋਕਾਂ ਵੱਲੋਂ ਵੀ ਬਜਟ ਨੂੰ ਲੈ ਕੇ ਰਲੀ-ਮਿਲੀ ਪ੍ਰਤੀਕਿਰਿਆ ਦਿੱਤੀ ਗਈ ਹੈ।
ਇਸ ਬਾਰੇ ਈਟੀਵੀ ਭਾਰਤ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਕਰਜ਼ੇ ਤੋਂ ਪਰੇਸ਼ਾਨ ਹਨ, ਜਿਸ ਕਾਰਨ ਸੂਬੇ 'ਚ ਲਗਾਤਾਰ ਕਿਸਾਨਾਂ ਵੱਲੋਂ ਖ਼ੁਦਕੁਸ਼ੀਆਂ ਕੀਤੇ ਜਾਣ ਦਾ ਸਿਲਸਿਲਾ ਜਾਰੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਬਜਟ ਪੂਰੀ ਤਰ੍ਹਾਂ ਨਾਲ ਕਿਸਾਨ ਵਿਰੋਧੀ ਹੈ। ਉਨ੍ਹਾਂ ਆਖਿਆ ਕਿ ਸਰਕਾਰ ਮੁਤਾਬਕ ਹਵਾਈ ਅੱਡੇ ਖੋਲ੍ਹਣ ਨਾਲ ਸੂਬੇ ਦੀ ਤਰੱਕੀ ਸੰਭਵ ਹੈ, ਹਵਾਈ ਅੱਡੇ ਖੁੱਲਣ ਨਾਲ ਵਿਕਾਸ ਨਹੀਂ ਹੁੰਦਾ। ਉਨ੍ਹਾਂ ਰੋਸ ਪ੍ਰਗਟਾਉਂਦੇ ਹੋਏ ਕਿਹਾ ਕਿ ਬਜਟ ਦੇ ਦੌਰਾਨ ਕਿਸਾਨਾਂ ਦੇ ਕਰਜ਼ੇ ਮੁਆਫੀ ਤੇ ਸਵਾਮੀਨਾਥਨ ਦੀ ਰਿਪੋਰਟ ਬਾਰੇ ਕੋਈ ਚਰਚਾ ਨਹੀਂ ਕੀਤੀ ਗਈ। ਕਿਸਾਨਾਂ ਨੇ ਕਿਹਾ ਕਿ ਇਹ ਆਮ ਬਜਟ ਨਹੀਂ ਸਗੋਂ ਅਮੀਰਾਂ ਦਾ ਬਜਟ ਹੈ।
ਦੂਜੇ ਪਾਸੇ ਬਠਿੰਡਾ ਵਾਸੀਆਂ ਵੱਲੋਂ ਬਜਟ 'ਤੇ ਮਿਲੀ ਜੁਲੀ ਪ੍ਰਤੀਕਿਰਿਆ ਦਿੱਤੀ ਗਈ ਹੈ। ਕੁਝ ਲੋਕ ਇਸ ਬਜਟ ਤੋਂ ਖੁਸ਼ ਅਤੇ ਕੁਝ ਨਾਖੁਸ਼ ਨਜ਼ਰ ਆ ਰਹੇ ਹਨ। ਲੋਕਾਂ ਨੇ ਆਖਿਆ ਕਿ ਸਰਕਾਰ ਨੂੰ ਆਮ ਲੋਕਾਂ ਦੀ ਬੇਸਿਕ ਸਹੂਲਤਾਂ 'ਤੇ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਨੂੰ ਬਜਟ ਤੋਂ ਬਹੁਤ ਉਮੀਦਾਂ ਸਨ ਜੋ ਕਿ ਪੂਰੀਆਂ ਨਾ ਹੋ ਸਕੀਆਂ। ਇਸ ਬਜਟ 'ਚ ਸਿੱਖਿਆ, ਨੌਜਵਾਨਾਂ ਨੂੰ ਨੌਕਰੀਆਂ ਦੇਣ ਸਬੰਧੀ ਕੋਈ ਖ਼ਾਸ ਚਰਚਾ ਨਹੀਂ ਕੀਤੀ ਗਈ। ਲੋਕਾਂ ਵੱਲੋਂ ਇਨਕਮ ਟੈਕਸ ਨੂੰ ਲੈ ਕੇ ਦਿੱਤੀ ਗਈ ਛੋਟ ਦੇ ਫੈਸਲੇ ਦਾ ਸਵਾਗਤ ਕੀਤਾ ਗਿਆ ਹੈ।