ਬਠਿੰਡਾ:ਰੂਸ ਅਤੇ ਯੂਕਰੇਨ ਵਿਚਕਾਰ ਲੱਗੀ ਜੰਗ ਤੋਂ ਬਾਅਦ ਵਿਦੇਸ਼ ਵਿੱਚ ਮੈਡੀਕਲ ਦੀ ਪੜ੍ਹਾਈ ਕਰਨ ਗਏ ਵਿਦਿਆਰਥੀਆਂ ਨੂੰ ਹੁਣ ਆਪਣਾ ਭਵਿੱਖ ਧੁੰਦਲਾ ਹੁੰਦਾ ਨਜ਼ਰ ਆ ਰਿਹਾ ਹੈ। ਭਾਵੇਂ ਨੈਸ਼ਨਲ ਮੈਡੀਕਲ ਕਮਿਸ਼ਨ ਵੱਲੋਂ ਇਨ੍ਹਾਂ ਵਿਦਿਆਰਥੀਆਂ ਨੂੰ ਕਿਸੇ ਹੋਰ ਦੇਸ਼ ਵਿੱਚ ਪੜ੍ਹਾਈ ਕਰਨ ਦੀ ਇਜਾਜ਼ਤ (National Medical Commission new decree) ਦੇ ਦਿੱਤੀ ਗਈ ਹੈ, ਪਰ ਇਨ੍ਹਾਂ ਵਿਦਿਆਰਥੀਆਂ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੀ ਪੜ੍ਹਾਈ ਭਾਰਤ ਵਿੱਚ ਹੀ ਕੰਪਲੀਟ ਕਰਵਾਈ ਜਾਵੇ।
ਬਠਿੰਡਾ ਦੇ ਰਹਿਣ ਵਾਲੇ ਕਰਮਵੀਰ ਸਿੰਘ ਨੇ ਦੱਸਿਆ ਕਿ ਉਸ ਦੇ ਐੱਮਬੀਬੀਐੱਸ ਵਿਚ ਦੋ ਸਾਲ ਦਾ ਸਮਾਂ ਬਾਕੀ ਸੀ ਅਤੇ ਚਾਰ ਸਾਲ ਉਸ ਵੱਲੋਂ ਯੂਕਰੇਨ ਵਿਖੇ ਰਹਿ ਕੇ ਆਪਣੀ ਪੜ੍ਹਾਈ ਕੰਪਲੀਟ ਕੀਤੀ ਗਈ ਸੀ, ਪਰ ਇਸ ਜੰਗ ਤੋਂ ਬਾਅਦ ਉਹ ਆਪਣੇ ਦੇਸ਼ ਪਰਤ ਆਏ ਸਨ। ਕਰੀਬ ਛੇ ਮਹੀਨੇ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਕੇਂਦਰ ਸਰਕਾਰ ਅਤੇ ਨਾ ਹੀ ਨੈਸ਼ਨਲ ਮੈਡੀਕਲ ਕਮਿਸ਼ਨ ਵੱਲੋਂ ਉਨ੍ਹਾਂ ਦੇ ਭਵਿੱਖ ਸਬੰਧੀ ਕੋਈ ਵੀ ਕਦਮ ਨਹੀਂ ਚੁੱਕਿਆ ਗਿਆ।
ਪਿਛਲੇ ਦਿਨੀਂ ਹੁਣ ਨੈਸ਼ਨਲ ਮੈਡੀਕਲ ਕਮਿਸ਼ਨ ਵੱਲੋਂ ਦੂਜੇ ਦੇਸ਼ਾਂ ਵਿੱਚ ਜਾ ਕੇ ਮੈਡੀਕਲ ਪੜ੍ਹਾਈ ਕੰਪਲੀਟ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਉਸ ਨਾਲ ਉਨ੍ਹਾਂ ਨੂੰ ਦੋਹਰੀ ਮਾਰ ਝੱਲਣੀ ਪਵੇਗੀ, ਕਿਉਂਕਿ ਨਵੀਂ ਜਗ੍ਹਾ ਜਾ ਕੇ ਉਨ੍ਹਾਂ ਨੂੰ ਜਿੱਥੇ ਉੱਥੋਂ ਦੀ ਭਾਸ਼ਾ ਸਿੱਖਣੀ ਪਵੇਗੀ। ਉੱਥੇ ਹੀ ਦੂਜੇ ਪਾਸੇ ਉਨ੍ਹਾਂ ਨੂੰ ਦੋਹਰਾ ਖ਼ਰਚਾ ਕਰਨਾ ਪਵੇਗਾ ਅਤੇ ਯੂਨੀਵਰਸਿਟੀ ਤੋਂ ਇਸ ਦੀ ਇਜਾਜ਼ਤ ਲੈਣੀ ਪਵੇਗੀ ਜਿਸ ਨਾਲ ਜਿੱਥੇ ਉਨ੍ਹਾਂ ਦਾ ਆਰਥਿਕ ਬੋਝ ਵਧੇਗਾ, ਉੱਥੇ ਹੀ ਮਾਨਸਿਕ ਤੌਰ 'ਤੇ ਵੱਡੀ ਪ੍ਰੇਸ਼ਾਨੀਆ ਦਾ ਸਾਹਮਣਾ ਕਰਨਾ ਪਵੇਗਾ।