ਬਠਿੰਡਾ: ਨਸ਼ਿਆਂ ਦੇ ਖਾਤਮੇ ਨੂੰ ਪਹਿਲੀ ਤਰਜੀਹ ਦੇਣ ਦੇ ਵਾਅਦੇ ਨਾਲ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਸਰਕਾਰ ਦੇ ਦਾਅਵੇ ਵਾਅਦੇ ਖੋਖਲੇ ਨਜਰ ਆ ਰਹੇ ਹਨ। ਆਏ ਦਿਨ ਨੌਜਵਾਨ ਨਸ਼ੇ ਦੀ ਭੇਂਟ ਚੜ ਰਹੇ ਹਨ। ਤਾਜ਼ਾ ਮਾਮਲਾ ਤਲਵੰਡੀ ਸਾਬੋ ਤੋਂ ਸਾਹਮਣੇ ਆਇਆ ਹੈ ਜਿੱਤੇ ਬਾਕਸਿੰਗ ਦਾ ਕੌਮੀ ਪੱਧਰ ਦਾ 5 ਵਾਰ ਦਾ ਤਗਮਾ ਜੇਤੂ ਖਿਡਾਰੀ ਨਸ਼ੇ ਦੀ ਭੇਂਟ ਚੜ ਗਿਆ।
ਮਿਲੀ ਜਾਣਕਾਰੀ ਅਨੁਸਾਰ ਕੁਲਦੀਪ ਸਿੰਘ ਬਾਕਸਿੰਗ ਦਾ ਕੌਮੀ ਪੱਧਰ ਦਾ ਖਿਡਾਰੀ ਸੀ। ਹੁਣ ਤੱਕ ਹੋਏ ਕੌਮੀ ਬਾਕਸਿੰਗ ਮੁਕਾਬਲਿਆਂ ਵਿੱਚ ਜਿੱਥੇ ਉਸਨੇ 5 ਤਗਮੇ ਆਪਣੇ ਨਾਂ ਕੀਤੇ ਸਨ ਉੱਥੇ ਉਹ ਦੋ ਵਾਰ ਗੋਲਡ ਮੈਡਲ ਜਿੱਤ ਚੁੱਕਾ ਸੀ।
ਬਾਕਸਿੰਗ ਕੋਚ ਹਰਦੀਪ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ 11 ਵਜੇ ਕੁਲਦੀਪ ਘਰੋਂ ਨਿਕਲਿਆ ਸੀ ਪਰ ਸ਼ਾਮ ਤੱਕ ਉਸ ਨਾਲ ਸੰਪਰਕ ਨਾ ਹੋਣ ਤੇ ਉਸਦੀ ਭਾਲ ਕੀਤੀ ਗਈ ਤਾਂ ਰਾਮਾਂ ਰੋਡ ਤੇ ਪੈਂਦੇ ਰਜਬਾਹੇ ਦੇ ਇੱਕ ਕਿਨਾਰੇ ਖੇਤਾਂ ਵਿੱਚੋਂ ਉਸਦੀ ਲਾਸ਼ ਬਰਾਮਦ ਹੋਈ। ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਸ ਕੋਲੋਂ ਇੱਕ ਸਰਿੰਜ ਵੀ ਮਿਲੀ ਹੈ ਜਿਸ ਨੂੰ ਦੇਖਦਿਆਂ ਲੱਗਦਾ ਹੈ ਕਿ ਉਸਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਈ ਹੈ।